ਚੰਡੀਗੜ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁਸੀਬਤਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਹਨ । ਦਰਅਸਲ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਮਟੌਰ ਥਾਣੇ ਵਿੱਚ ਬਲਵੰਤ ਸਿੰਘ ਮੁਲਤਾਨੀ ਨਾਮਕ ਨੌਜਵਾਨ ਨੂੰ ਅਗਵਾਹ ਕਰਨ ਦੇ ਸੰਗੀਨ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ । ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੀ ਅਸਤੀਫ਼ੇ ਦੀ ਮੰਗ ਉਠ ਖੜੀ ਹੈ।
ਦਸ ਦੇਈਏ ਕਿ ਕਿਸੇ ਸਮੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਟੁੱਟ ਅੰਗ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ,ਅਕਾਲ਼ੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਸੈਂਕੜੇ ਸਿੱਖ ਨੌਜਵਾਨਾਂ ਤੇ ਅਣ-ਮਨੁੱਖੀ ਤਸ਼ੱਦਦ ਕਰਨ ਤੇ ਝੂਠੇ ਮੁਕਾਬਲਿਆਂ ਚ ਸ਼ਹੀਦ ਕਰਨ ਲਈ ਜ਼ੁੰਮੇਵਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸਿੱਧੇ-ਅਸਿੱਧੇ ਤੌਰ ਤੇ ਮਦਦ ਕਰ ਰਿਹਾ ਹੈ। ਆਗੂਆਂ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਨੈਤਿਕ ਅਧਾਰ ਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਆਗੂਆਂ ਨੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਨੂੰ ਵੀ ਅਪੀਲ ਕੀਤੀ ਕਿ ਇਹ ਸਿੱਖ ਕੌਮ ਦੀ ਵੱਕਾਰ ਦਾ ਸਵਾਲ ਹੈ ਇਸ ਲਈ ਉਹ ਬਾਦਲਾਂ ਤੋਂ ਸਪਸ਼ਟੀਕਰਨ ਲੈਣ ਕਿ ਉਨ੍ਹਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਮਦਦ ਕਿਸ ਆਧਾਰ ਤੇ ਕੀਤੀ ।
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ ਨੇ ਸੁਮੇਧ ਸੈਣੀ ਤੇ ਬਾਦਲਾਂ ਖਿਲਾਫ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ੁੰਮੇਵਾਰ ਹਨ,ਜਿਥੇ ਸ਼ਾਂਤਮਈ ਰੋਸ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਗੋਲੀ ਉਸ ਸਮੇਂ ਦੀ ਬਾਦਲ ਹਕੂਮਤ ਦੇ ਹੁਕਮਾਂ ਤੇ ਪੁਲਸ ਵੱਲੋਂ ਚਲਾਈ ਗਈ, ਜਿਸਦੇ ਸਿੱਟੇ ਵਜੋਂ ਦੋ ਸਿੱਖ ਗੱਭਰੂ ਸ਼ਹੀਦ ਹੋ ਗਏ।ਇਸ ਘਟਨਾਂ ਸਮੇਂ ਸੁਮੇਧ ਸੈਣੀ ਡੀਜੀਪੀ ਪੰਜਾਬ ਸੀ।ਉਕਤ ਅਕਾਲੀ ਆਗੂਆਂ ਸਾਂਝੇ ਬਿਆਨ ਚ ਮੰਗ ਕੀਤੀ ਕਿ ਸਿੱਖ ਕੌਮ ਨੂੰ ਇਨਸਾਫ ਦਵਾਉਣ ਲਈ ਇਮਾਨਦਾਰ ਅਫਸਰਾਂ ਦੀ ਸਿੱਟ ਸੁਮੇਧ ਸੈਣੀ ਖਿਲਾਫ ਬਣਾਈ ਜਾਵੇ ਤਾਂ ਜੋ ਝੂਠੇ ਮੁਕਾਬਲਿਆਂ ਦੇ ਦੋਸ਼ੀ ਬੇਨਾਬ ਹੋ ਸਕਣ ,ਜਿਸ ਤੇ ਦੋਸ਼ ਹੈ ਕਿ ਇਸ ਨੇ ਸਿੱਖ ਬੜੀ ਬੇਰਹਿਮੀਂ ਨਾਲ ਮਾਰੇ ਪਰ ਸਿੱਖ ਵਿਰੋਧੀ ਤਾਕਤਾਂ ਨਾਲ ਚੰਗੇ ਸਬੰਧ ਹੋਣ ਕਰਕੇ,ਉਹ ਹੁਣ ਤੱਕ ਬਚਦਾ ਆ ਰਿਹਾ ਹੈ।