ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ, ਪ੍ਰੋਵਿੰਸ ਤੇ ਟੈਰੇਟਰੀਜ਼ ਕੋਵਿਡ-19 ਮਹਾਂਮਾਰੀ ਦੌਰਾਨ ਅਸੈਂਸ਼ੀਅਲ ਵਰਕਰਜ਼ ਦੇ ਭੱਤਿਆਂ ਵਿੱਚ ਵਾਧਾ ਕਰਨ ਲਈ 4 ਬਿਲੀਅਨ ਡਾਲਰ ਖਰਚ ਕਰਨਗੀਆਂ। ਉਨ੍ਹਾਂ ਆਖਿਆ ਕਿ ਅਜੇ ਵੀ ਕੁੱਝ ਪ੍ਰੋਵਿੰਸਾਂ ਨਾਲ ਇਸ ਸਬੰਧੀ ਡੀਟੇਲਜ਼ ਫਾਈਨਲ ਕੀਤੀਆਂ ਜਾਣੀਆਂ ਬਾਕੀ ਹਨ। ਪਰ ਟਰੂਡੋ ਨੇ ਆਖਿਆ ਕਿ ਦੇਸ਼ ਦੇ ਸਾਰੇ ਫਰਸਟ ਮਨਿਸਟਰਜ਼ ਇਸ ਗੱਲ ਉੱਤੇ ਸਹਿਮਤ ਹਨ ਕਿ ਆਪਣੀ ਸਿਹਤ ਖਤਰੇ ਵਿੱਚ ਪਾ ਕੇ ਦੂਜਿਆਂ ਦੀ ਸੇਵਾ ਕਰਨ ਵਾਲੇ ਤੇ ਘੱਟ ਉਜਰਤਾਂ ਹਾਸਲ ਕਰਨ ਵਾਲੇ ਫਰੰਟ ਲਾਈਨ ਵਰਕਰਜ਼ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਇਹ ਹਰੇਕ ਪ੍ਰੋਵਿੰਸ ਨੂੰ ਤੈਅ ਕਰਨਾ ਹੋਵੇਗਾ ਕਿ ਉਨ੍ਹਾਂ ਲਈ ਕਿਹੜੇ ਕਾਮੇ ਅਸੈਂਸ਼ੀਅਲ ਵਰਕਰਜ਼ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਤੇ ਕਿੰਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਟਰੂਡੋ ਨੇ ਆਖਿਆ ਕਿ ਕੈਨੇਡੀਅਨਜ਼ ਇਨ੍ਹਾਂ ਵਰਕਰਜ਼ ਉੱਤੇ ਨਿਰਭਰ ਹਨ ਤੇ ਸਾਰੀਆਂ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਸਾਂਝੇ ਤੌਰ ਉੱਤੇ ਇਸ ਸਮਝੌਤੇ ਉੱਤੇ ਪਹੁੰਚੇ ਹਨ ਕਿ ਇਨ੍ਹਾਂ ਦੀ ਬਿਹਤਰ ਢੰਗ ਨਾਲ ਮਦਦ ਕਿਸ ਤਰ੍ਹਾਂ ਕੀਤੀ ਜਾਵੇ। ਫੈਡਰਲ ਸਰਕਾਰ ਇਸ ਪ੍ਰੋਗਰਾਮ ਉੱਤੇ ਆਉਣ ਵਾਲੇ ਖਰਚ ਦਾ ਤਿੰਨ ਤਿਹਾਈ ਹਿੱਸਾ ਕਵਰ ਕਰੇਗੀ ਤੇ ਬਾਕੀ ਦਾ ਹਿੱਸਾ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਵੱਲੋਂ ਕਵਰ ਕੀਤਾ ਜਾਵੇਗਾ।