-ਅਵਤਾਰ ਸਿੰਘ
ਬਿਰਹਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਹਟੀਆਂ ਤਹਿਸੀਲ ਸ਼ਕਰਗੜ੍ਹ (ਪਾਕਿਸਤਾਨ) ਵਿੱਚ ਹੋਇਆ, ਵੰਡ ਤੋਂ ਪਹਿਲਾਂ ਇਹ ਜ਼ਿਲਾ ਗੁਰਦਾਸਪੁਰ ਵਿੱਚ ਸੀ।
ਸ਼ਿਵ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿੱਚ ਪਟਵਾਰੀ ਸਨ ਜੋ ਸੇਵਾਮੁਕਤੀ ਸਮੇਂ ਕਾਨੂਨਗੋ ਬਣੇ। ਮਾਤਾ ਸ਼ਾਂਤੀ ਦੇਵੀ ਦੀ ਅਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿੱਚ ਸੀ।
1953 ਵਿੱਚ ਬਟਾਲੇ ਤੋਂ ਦਸਵੀਂ ਕਰਨ ਤੋਂ ਬਾਅਦ ਸਥਾਨਕ ਕਾਲਜ ਤੇ ਫਿਰ ਨਾਭੇ ਦੇ ਕਾਲਜ ਵਿੱਚੋਂ ਹਟ ਕੇ ਕਾਦੀਆਂ ਦੇ ਕਾਲਜ ਵਿੱਚ ਦਾਖਲ ਹੋਏ। ਉਨ੍ਹਾਂ ਦੇ ਪਿਤਾ ਨੇ ਬੈਜਨਾਥ (ਹੁਣ ਹਿਮਾਚਲ) ਵਿਚ ਸ਼ਿਵ ਨੂੰ ਓਵਰਸੀਰ ਦੇ ਕੋਰਸ ਵਿੱਚ ਦਾਖਲ ਕਰਵਾ ਦਿੱਤਾ। ਉਥੇ ਮੈਨਾ ਨਾਂ ਦੀ ਲੜਕੀ ਉਸਦੀ ਜ਼ਿੰਦਗੀ ਵਿਚ ਆਈ ਪਰ ਕੁੱਝ ਸਮੇਂ ਬਾਅਦ ਪਤਾ ਲੱਗਾ ਕਿ ਟਾਈਫਾਈਡ ਨਾਲ ਉਸ ਦੀ ਮੌਤ ਹੋ ਗਈ, ਸ਼ਿਵ ਆਪਣੇ ਪਿਆਰੇ ਦੀ ਮੌਤ ਦੇ ਸੋਗ ਅਤੇ ਹਿਜਰ ਦਾ ਸ਼ਿਕਾਰ ਹੋ ਗਿਆ।
ਸ਼ਿਵ ਦੇ ਦਿਲ ਅੰਦਰ ਉਸਦੇ ਮਰਨ ਦਾ ਗਮ ਮਰਦੇ ਦਮ ਤੱਕ ਜੀਉਂਦਾ ਰਿਹਾ ਉਹੋ ਸੋਗ ਉਸਦੇ ਗੀਤਾਂ ‘ਚ ਝਲਕਦਾ ਹੈ। ਮੈਨਾ ਦੀ ਮੌਤ ਤੋਂ ਬਾਅਦ ਉਹ ਪ੍ਰਸਿੱਧ ਲੇਖਕ ਦੀ ਲੜਕੀ ਵੱਲ ਆਕਰਸ਼ਿਤ ਹੋ ਗਿਆ। ਉਹ ਦੇਸ਼ ਛੱਡ ਕੇ ਅਮਰੀਕਾ ਚਲੇ ਗਈ ਤੇ ਉਥੇ ਉਸਨੇ ਵਿਆਹ ਕਰਵਾ ਲਿਆ।
ਜਦੋਂ ਸ਼ਿਵ ਨੂੰ ਪਹਿਲੇ ਬੱਚੇ ਦੇ ਜਨਮ ਦਾ ਪਤਾ ਲੱਗਾ ਤਾਂ ਉਸਨੇ ਸ਼ਿਕਰਾ ਕਵਿਤਾ ਲਿਖੀ ਜੋ ਬਹੁਤ ਪ੍ਰਸਿੱਧ ਹੋਈ। ਉਸਦੇ ਪਿਤਾ ਨੇ ਪਟਵਾਰੀ ਦੀ ਨੌਕਰੀ ‘ਤੇ ਲਵਾ ਦਿੱਤਾ ਪਰ ਉਸਨੇ 1961 ਵਿੱਚ ਉਹ ਨੌਕਰੀ ਛੱਡ ਦਿੱਤੀ ਤੇ 1966 ਤਕ ਬੇਰੋਜ਼ਗਾਰ ਸਮੇਂ ਆਪਣਾ ਗੁਜ਼ਾਰਾ ਕਿਤਾਬਾਂ ਦੀ ਮਿਲਦੀ ਰਿਆਲਟੀ ਤੇ ਕਵਿਤਾਵਾਂ ਪੜ੍ਹਨ ਸਮੇਂ ਮਿਲਦੇ ਸੇਵਾ ਫਲ ਤੋਂ ਕੀਤਾ।
1967 ਵਿੱਚ ਬਟਾਲੇ ਹੀ ਸਟੇਟ ਬੈਂਕ ਆਫ ਇੰਡੀਆ ਵਿੱਚ ਕਲਰਕ ਦੀ ਨੌਕਰੀ ਮਿਲ ਗਈ। 5/2/1967 ਨੂੰ ਉਸਦੀ ਸ਼ਾਦੀ ਅਰੁਣਾ ਨਾਲ ਹੋਈ, ਉਨ੍ਹਾਂ ਦੇ ਦੋ ਬੱਚੇ ਮਿਹਰਬਾਨ ਬਟਾਲਵੀ ਤੇ ਪੂਜਾ ਬੇਟੀ ਹੋਏ। ਅਗਲੇ ਸਾਲ ਉਸਦੀ ਬਦਲੀ ਚੰਡੀਗੜ੍ਹ ਹੋ ਗਈ। ਉਸੇ ਸਾਲ ਸਾਹਿਤ ਅਕਾਦਮੀ ਵਲੋਂ ਉਸ ਦੀ ਰਚਨਾ ‘ਲੂਣਾ’ ਲਈ ਪੁਰਸਕਾਰ ਮਿਲਿਆ। ਉਸ ਦੀਆਂ ਪ੍ਰਸਿੱਧ ਰਚਨਾਵਾਂ ਪੀੜਾਂ ਦਾ ਪਰਾਗਾ (ਪਹਿਲੀ ਕਿਤਾਬ), ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਮੈਂ ਤੇ ਮੈਂ, ਬਿਰਹਾ ਸੁਲਤਾਨ ਸਨ।
ਉਸ ਦੇ ਪ੍ਰਸਿੱਧ ਗੀਤ ਕੰਡਿਆਲੀ ਥੋਹਰ (ਪਹਿਲਾ ਗੀਤ) ਸ਼ਿਕਾਰ, ਇਸ਼ਤਹਾਰ, ਤਿੱਤਲੀ, ਗਮਾਂ ਦੀ ਰਾਤ, ਸੋਗ, ਸਾਂਝੀ ਖੇਤੀ, ਇਹ ਮੇਰਾ ਗੀਤ ਸਨ।
1972 ‘ਚ ਉਹ ਡਾ ਗੋਪਾਲਪੁਰ ਤੇ ਸ਼੍ਰੀਮਤੀ ਕੈਲਾਸ਼ਪੁਰੀ ਦੇ ਸੱਦੇ ‘ਤੇ ਇੰਗਲੈਂਡ ਗਿਆ। ਉਥੇ ਕਈ ਪ੍ਰੋਗਰਾਮਾਂ ਵਿੱਚ ਸ਼ਾਇਰੀ ਦਾ ਰੰਗ ਵਿਖਾਇਆ, ਇਕ ਹਾਲ ਵਿਚ ਚਿੱਤਰਕਾਰ ਸੋਭਾ ਸਿੰਘ ਵੀ ਮਿਲਣ ਆਇਆ। ਬੀ ਬੀ ਸੀ ਟੈਲੀਵੀਯਨ ਨੇ ਇੰਟਰਵਿਊ ਰਿਕਾਰਡ ਕੀਤੀ। ਉਸ ਸਮੇਂ ਭਾਰਤ ਦੇ ਹੋਰ ਰਾਜਾਂ ਵਾਂਗ ਪੰਜਾਬ ਵਿੱਚ ਚਲ ਰਹੀ ਨਕਸਲਬਾੜੀ ਲਹਿਰ ਦਾ ਪ੍ਰਭਾਵ ਲੇਖਕਾਂ ਤੇ ਗੀਤਕਾਰਾਂ ‘ਤੇ ਵੀ ਪਿਆ ਜਿਸ ਕਰਕੇ ਉਸਦੀ ਦੀ ਸ਼ਾਇਰੀ ਦਾ ਖੱਬੇ ਪੱਖੀਆਂ ਵਲੋਂ ਵਿਰੋਧ ਕੀਤਾ ਗਿਆ, ਸ਼ਿਵ ਨੂੰ ਇਸ ਦਾ ਬਹੁਤ ਦੁੱਖ ਹੋਇਆ। ਟੀ ਬੀ ਕਾਰਨ ਉਸ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਅੰਮ੍ਰਿਤਸਰ ਦਾਖਲ ਕਰਾਇਆ ਗਿਆ, ਆਖਰੀ ਸਮਾਂ ਆਉਣ ‘ਤੇ ਸਹੁਰੇ ਪਿੰਡ ਕੀੜੀ ਮੰਗਿਆਲ ਚਲਾ ਗਿਆ ਜਿਥੇ ਉਸਦੀ 6 ਮਈ 1973 ਨੂੰ ਮੌਤ ਹੋ ਗਈ।
ਪੰਜਾਬੀ ਦੇ ਲੇਖਕ ਸੰਤ ਸਿੰਘ ਸੇਖੋਂ ਅਨੁਸਾਰ, “ਸ਼ਿਵ ਕੁਮਾਰ ਦੇ ਦੁੱਖ ਉਥੋਂ ਸ਼ੁਰੂ ਹੁੰਦੇ ਹਨ, ਜਿਥੋਂ ਜੌਹਨ ਕੀਟਸ ਦੇ ਖਤਮ ਹੁੰਦੇ ਹਨ। ਦੋਵਾਂ ਦੇ ਨਿੱਕੀ ਉਮਰੇ ਜਦੋਂ ਤੁਰ ਜਾਣ ਤੋਂ ਬਿਨਾਂ ਕਈ ਇਕਸਾਰਤਾਵਾਂ ਸਨ, ਸਾਹਿਤਕ ਰਿਸ਼ਤੇ ਹਨ। “ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵਧ ਗਾਇਆ ਗਿਆ ਹੈ। ਮੁਹੰਮਦ ਰਫੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਗਾਇਕਾਂ ਨੇ ਗਾਇਆ ਹੈ। ਸ਼ਿਵ ਨੂੰ ਆਪਣੇ ਨਾਂ ਨਾਲ ਬਟਾਲਵੀ ਤਖਲਸ ਪਸੰਦ ਨਹੀਂ ਸੀ, ਸਗੋਂ ਨਫਰਤ ਕਰਦਾ ਸੀ। ਉਸਨੇ ਕਦੀ ਵੀ ਕਵਿਤਾ ਜਾਂ ਕਿਤਾਬ ‘ਤੇ ਬਟਾਲਵੀ ਨਾਂ ਨਹੀਂ ਲਿਖਿਆ।