– ਅਵਤਾਰ ਸਿੰਘ
ਜਦ ਤੋਂ ਮਨੁੱਖ ਨੇ ਸੋਚਣਾ ਵਿਚਾਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਉਹ ਇਸ ਸੁਆਲ ਤੋਂ ਪ੍ਰੇਸ਼ਾਨ ਰਿਹਾ ਹੈ ਕਿ ਸੰਸਾਰ ਕੀ ਹੈ? ਕਿਥੋਂ ਤੇ ਕਿਵੇਂ ਪੈਦਾ ਹੋਇਆ? ਇਨ੍ਹਾਂ ਸੁਆਲਾਂ ‘ਤੇ ਵਿਚਾਰ ਕਰਨ ਵਾਲੇ ਨੂੰ ਦਾਰਸ਼ਨਿਕ ਕਿਹਾ ਜਾਂਦਾ ਹੈ। ਕਾਰਲ ਮਾਰਕਸ ਇਕ ਦਾਰਸ਼ਨਿਕ ਸੀ। ਇਸ ਤੋਂ ਵੀ ਵਧ ਕੇ ਉਸਨੇ ਆਪਣਾ ਜੀਵਨ ਗਰੀਬੀ ਦੀ ਸਮੱਸਿਆ ਦੇ ਹੱਲ ਪਿਛੇ ਲਾ ਦਿੱਤਾ।
ਗਰੀਬੀ ਸੰਸਾਰ ਵਿੱਚ ਸਭ ਤੋਂ ਵੱਡਾ ਪਾਪ ਤੇ ਕਿਸੇ ਜਾਤੀ ਲਈ ਸਰਾਪ ਹੈ, ਜੋ ਗੁਲਾਮੀ ਤੇ ਰੋਗਾਂ ਦੀ ਜੜ੍ਹ ਹੈ। ਕਾਰਲ ਮਾਰਕਸ ਦਾ ਜਨਮ 5-5-1818 ਨੂੰ 202 ਸਾਲ ਪਹਿਲਾਂ ਜਰਮਨ ਦੇ ਕਸਬੇ ਟਰੋਵੇਜ਼ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਵਕੀਲ ਸਨ ਜੋ ਯਹੂਦੀ ਤੋਂ ਈਸਾਈ ਹੋ ਗਏ ਸਨ। ਉਸ ਦਾ ਪਿਤਾ ਕਾਰਲ ਨੂੰ ਵਕਾਲਤ ਕਰਾਉਣਾ ਚਾਹੁੰਦਾ ਸੀ ਪਰ ਉਸਨੇ ਪੁਤਰ ਨੂੰ ਰਾਜਨੀਤਿਕ ਚਿੰਤਨ ਅਤੇ ਫਿਲਾਸਫੀ ਦੇ ਕੰਡਿਆਲੇ ਰਾਹ ਵਿੱਚ ਭਟਕਦੇ ਵੇਖ ਕੇ ਉਸਦੇ ਪਿਤਾ ਨੂੰ ਬਹੁਤ ਦੁਖ ਹੋਇਆ।
ਕਾਰਲ ਮਾਰਕਸ ਵੀ ਆਪਣੇ ਮਾਤਾ ਪਿਤਾ ਦੇ ਦਿਲਾਂ ਨੂੰ ਦੁੱਖ ਦੇਣ ਪਰ ਸੰਸਾਰ ਨੂੰ ਮਹਾਨ ਸੁੱਖ ਦਾ ਸੰਦੇਸ਼ ਦੇਣ ਲਈ ਪੈਦਾ ਹੋਇਆ ਸੀ। 1843 ਵਿਚ ਉਸਨੇ ਬਚਪਨ ਦੀ ਸਾਥਣ ਜੈਨੀ ਨਾਲ ਪ੍ਰੇਮ ਵਿਆਹ ਕਰ ਲਿਆ ਜੋ ਅਮੀਰ ਘਰਾਣੇ ਦੀ ਧੀ ਸੀ ਤੇ ਕਾਰਲ ਇਕ ਕੰਗਾਲ ਗਰੈਜੂਏਟ ਸੀ।
ਕਾਰਲ ਨੇ 1842 ਵਿਚ ਸਿਆਸੀ ਪੱਤਰਕਾਰ ਦੇ ਰੂਪ ਵਿੱਚ ਆਪਣੇ ਜੀਵਨ ਦਾ ਸਫਰ ਸ਼ੁਰੂ ਕੀਤਾ, ਛੇਤੀ ਹੀ ਉਹ ‘ਗਈਨਸ਼ੇ ਤਜਾਈਤੁੰਡੇ’ ਦਾ ਸੰਪਾਦਕ ਬਣ ਗਿਆ ਪਰ 1843 ਵਿੱਚ ਪੁਲਿਸ ਨੇ ਬੰਦ ਕਰਾ ਦਿੱਤੀ।
ਫਰਾਂਸ ਵਿੱਚ ਜਾ ਕੇ ‘ਵਾਰਵਰਤਸ’ ਪਤ੍ਰਿਕਾ ਕੱਢੀ ਤੇ 1845 ਵਿਚ ਉਥੋਂ ਦੇ ਪ੍ਰਧਾਨ ਮੰਤਰੀ ਗਿਜ਼ੋ ਨੇ ਬੰਦ ਕਰਾ ਦਿੱਤੀ ਤੇ ਦੇਸ਼ ‘ਚੋਂ ਬਾਹਰ ਕੱਢ ਦਿੱਤਾ ਤੇ ਉਹ ਬਰਸਲਜ ਚਲਾ ਗਿਆ। ਉਥੋਂ ਦੀਆਂ ਕਮਿਉਨਿਸਟ ਸੰਸਥਾਵਾਂ ਨੂੰ ਇਕੱਠੇ ਕਰਕੇ ਫਰੈਡਿਕ ਏਂਗਲਜ ਨਾਲ ਮਿਲ ਕੇ ਕਮਿਉਨਿਸਟ ਲੀਗ ਦੀ ਸਥਾਪਨਾ ਕੀਤੀ।
24-2-1848 ਨੂੰ ਇਤਿਹਾਸਕ ਦਸਤਾਵੇਜ “ਕਮਿਉਨਿਸਟ ਮੈਨੀਫੈਸਟੋ” ਉਨ੍ਹਾਂ ਦੋਹਾਂ ਨੇ ਛਪਵਾਇਆ। ਬੈਲਜੀਅਮ ਦੀ ਸਰਕਾਰ ਨੇ ਮਜ਼ਦੂਰਾਂ ਵਿਚ ਫੈਲ ਰਹੇ ਕਮਿਉਨਿਜ਼ਮ ਵਿਚਾਰਾਂ ਤੋਂ ਘਬਰਾ ਕੇ ਮਾਰਕਸ ਨੂੰ ਦੇਸ਼ ਨਿਕਾਲਾ ਦੇ ਦਿੱਤਾ।
ਕੁਝ ਸਮਾਂ ਜਰਮਨੀ ਤੇ ਫਰਾਂਸ ਵਿਚ ਰਹਿਣ ਮਗਰੋਂ ਲੰਡਨ ਚਲੇ ਗਏ। ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਲੰਡਨ ਦੇ ਮਜਦੂਰਾਂ ਵਿੱਚ ਅਰਥ ਸ਼ਾਸਤਰ ‘ਤੇ ਭਾਸ਼ਣ ਕਰਦਾ।
ਜਰਮਨੀ ਦੇ ਪ੍ਰਧਾਨ ਮੰਤਰੀ ਬਿਸਮਾਰਕ ਨੇ ਗੁਪਤ ਰੂਪ ਵਿਚ ਰਿਸ਼ਵਤ ਦੇਣੀ ਚਾਹੀ ਕਿ ਉਹ ਮਜਦੂਰਾਂ ਦੇ ਅੰਦੋਲਨ ਤੋਂ ਵੱਖ ਹੋ ਜਾਵੇ ਪਰ ਉਹ ਨਾ ਮੰਨਿਆ।ਉਸਨੇ 1846 ਵਿਚ ‘ਇੰਟਰਨੈਸ਼ਨਲ ਵਰਕਿੰਗ ਮੈਨਜ ਐਸੋਸ਼ੀਸਨ’ ਬਣਾਈ ਜਿਸ ਦਾ ਛੇ ਸੱਤ ਸਾਲ ਯੂਰਪ ਵਿਚ ਕਾਫੀ ਅਸਰ ਰਿਹਾ। ਉਸਦਾ ਨਾਅਰਾ ਸੀ “ਦੁਨੀਆ ਭਰ ਦੇ ਮਜ਼ਦੂਰੋਂ ਇਕ ਹੋ ਜਾਉ।”
ਕਾਰਲ ਮਾਰਕਸ ਦਾ ਸਾਹਿਤਕ ਕੰਮ ਬਹੁਤ ਵੱਡਾ ਸੀ। ਉਸਨੇ ‘ਕੀਮਤ, ਮਲ ਅਤੇ ਮੁਨਾਫਾ’, ‘ਰਾਜਨੀਤਿਕ ਅਰਥ ਸ਼ਾਸਤਰ ਦਾ ਅਧਿਐਨ’ ਤੇ ਸਭ ਤੋਂ ਵੱਡੀ ਮਹਾਨ ਕਿਰਤ ‘ਦਾਸ ਕੈਪੀਟਲ’ ਲਿਖੀ ਸੀ ਜਿਸ ਨੂੰ ‘ਕਮਿਊਨਿਜਮ ਦੀ ਬਾਈਬਲ’ ਕਹਿੰਦੇ ਹਨ। ਉਦੋਂ ਤੋਂ ਲੈ ਕੇ ਹੁਣ ਤਕ ਮਾਰਕਸਵਾਦ ਹੁਣ ਤਕ ਇਕ ਤੋਂ ਦੂਜਾ ਤਾਂ ਦੂਜੇ ਤੋਂ ਤੀਜੇ ਤਕ (ਮਾਰਕਸਵਾਦ ਲੈਨਿਨਵਾਦ ਮਾੳਵਾਦ) ਵਿਕਸਤ ਹੋਇਆ ਹੈ।
1881 ਵਿੱਚ ਉਸਦੀ ਪਤਨੀ ਤੇ 14-3-1883 ਨੂੰ ਉਹ ਆਪ ਚਲ ਵਸਿਆ। ਕੁਝ ਸਾਲ ਪਹਿਲਾਂ ਮੰਗ ਉਠੀ ਕਿ ਉਸ ਦੀ ਯਾਦਗਾਰ ਬਣਾਈ ਜਾਵੇ ਪਰ ਉਸਦੇ ਸ਼ਾਗਿਰਦ ਨੇ ਲਿਖਿਆ ਸੀ,” ਮਾਰਕਸ ਦੀ ਯਾਦਗਾਰ ਮੌਜੂਦ ਹੈ, ਪਰ ਇਹ ਪਿਤਲ ਵਰਗੀਆਂ ਧਾਤਾਂ ਜਾਂ ਪੱਥਰਾਂ ਦੀ ਸ਼ਕਲਾਂ ਵਿਚ ਨਹੀਂ ਸਗੋਂ ਇਹ ਮਨੁੱਖਾਂ ਦੇ ਦਿਲਾਂ ਵਿਚ ਹੈ। ਸਮੁੱਚਾ ਅੰਤਰਰਾਸ਼ਟਰੀ ਕਮਿਉਨਿਸਟ ਅੰਦੋਲਨ ਉਹਦਾ ਹੀ ਅੰਦੋਲਨ ਹੈ ਅਤੇ ਸਮਾਜਵਾਦੀ ਸ਼ਕਤੀਆਂ ਦੀ ਹਰ ਨਵੀਂ ਜਿੱਤ ਉਹਨੂੰ ਉਚਾ ਚੁੱਕ ਰਹੀ ਹੈ।”