ਚੰਡੀਗੜ੍ਹ: ਗੁਰਦੁਆਰਾ ਨਾਂਦੇੜ ਸਾਹਿਬ ਤੋਂ ਵਾਪਸ ਆਈ ਸੰਗਤ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਵੱਲੋਂ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ।
ਗੁਰਦੁਆਰਾ ਮੈਨੇਜਮੈਂਟ ਨੇ ਦਾਅਵਾ ਕੀਤਾ ਕਿ ਲੋਕ ਡਾਊਨ ਤੋਂ ਇੱਕ ਹਫਤੇ ਬਾਅਦ ਇੱਥੇ ਪਹੁੰਚੀ ਹੋਈ ਸੰਗਤ ਦਾ COVID 19 ਟੇੈਸਟ ਕੀਤਾ ਗਿਆ ਸੀ। ਇਸਦੇ ਨਾਲ ਹੀ ਜਦੋਂ 24 ਅਪਰੈਲ ਨੂੰ ਇੱਥੋਂ ਸੰਗਤ ਵਾਪਸ ਪੰਜਾਬ ਨੂੰ ਗਈ ਸੀ ਤਾਂ ਉਨ੍ਹਾਂ ਦੀ ਸਕਰੀਨਿੰਗ ਵੀ ਕੀਤੀ ਗਈ ਸੀ। ਪਰ ਕੈਪਟਨ ਸਰਕਾਰ ਨੇ ਪੰਜਾਬ ‘ਚ ਸੰਗਤ ਪਹੁੰਚਣ ਤੇ ਉਨ੍ਹਾਂ ਦੀ ਕੋਈ ਵੀ ਸਕਰੀਨਿੰਗ ਨਹੀਂ ਕੀਤੀ ਅਤੇ ਨਾ ਹੀ ਕਰੋਨਾ ਦਾ ਟੈਸਟ ਕੀਤਾ। ਜਿਸ ਕਾਰਨ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਪ੍ਰਸਾਰ ਵਧਿਆ।
ਇਸ ਦੇ ਨਾਲ ਹੀ ਗੁਰਦੁਆਰਾ ਮੈਨੇਜਮੈਂਟ ਨੇ ਜਾਣਕਾਰੀ ਦਿੱਤੀ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ 350 ਸ਼ਰਧਾਲੂ ਰੁਕੇ ਹੋਏ ਸਨ ਅਤੇ 3700 ਸ਼ਰਧਾਲੂ ਵੱਖ ਵੱਖ ਥਾਵਾਂ ਤੇ ਰੁਕੇ ਹੋਏ ਸੀ।
ਹੋਲੇ ਮਹੱਲੇ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਮਹਾਰਾਸ਼ਟਰ ਸ੍ਰੀ ਨੰਦੇੜ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਨੂੰ ਗਈ ਹੋਈ ਸੀ ਤੇ ਦੇਸ਼ ਵਿੱਚ ਲੋਕ ਡਾਊਨ ਹੋਣ ਕਾਰਨ ਲੋਕ ਉੱਥੇ ਹੀ ਫਸ ਗਏ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 90 ਸਪੈਸ਼ਲ ਬੱਸਾਂ ਮਹਾਰਾਸ਼ਟਰ ਭੇਜੀਆਂ ਸਨ।
ਸੋਮਵਾਰ ਨੂੰ ਜਿਹੜੀ ਸੰਗਤ ਵਾਪਸ ਪਹੁੰਚੀ ਸੀ ਉਨ੍ਹਾਂ ਦੇ ਵਿੱਚੋਂ ਤਰਨ ਤਾਰਨ ਚ 8 ਕਪੂਰਥਲਾ ਚ 3 ਅਤੇ ਹੁਸ਼ਿਆਰਪੁਰ ਚ ਇੱਕ ਸ਼ਰਧਾਲੂ ਕਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਸਾਰੇ ਹੀ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਹੁਣ ਸ਼ਰਧਾਲੂਆਂ ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ।