ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਸਮੇਤ ਪੰਜਾਬ ਸੂਬੇ ‘ਚ ਵੀ 3 ਮਈ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਪੰਜਾਬ ਪੁਲੀਸ ਦੇ ਮੁਲਾਜ਼ਮ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦਿਨ ਰਾਤ ਕੋਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ‘ਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਅਜਿਹੇ ‘ਚ ਖੰਨਾ ਪੁਲੀਸ ਨੇ ਅੱਜ ਦੋ ਵਿਅਕਤੀਆਂ ਕੋਲੋਂ 18 ਕਿਲੋਂ ਅਫੀਮ ਬਰਾਮਦ ਕੀਤੀ ਹੈ।
ਐੱਸ.ਐੱਸ.ਪੀ. (ਖੰਨਾ) ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲੀਸ ਨੇ ਹਰਜੋਤ ਸਿੰਘ ਉਰਫ ਜੋਤ ਸਿੰਘ ਅਤੇ ਬਲਕਾਰ ਸਿੰਘ ਕੋਲੋਂ 18 ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲੀਸ ਨੇ ਹਰਜੋਤ ਸਿੰਘ ਉਰਫ ਜੋਤ ਵਾਸੀ ਤੱਖਰਾਂ ਕੋਲੋਂ 17 ਕਿਲੋਂ ਅਫੀਮ ਅਤੇ ਬਲਕਾਰ ਸਿੰਘ ਵਾਸੀ ਤੱਖਰਾਂ ਕੋਲੋਂ 1 ਕਿਲੋਂ ਅਫੀਮ ਬਰਾਮਦ ਕੀਤੀ ਹੈ। ਖੰਨਾ ਪੁਲੀਸ ਨੇ ਦੋਵਾਂ ਵਿਅਕਤੀਆਂ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 8/61/85 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖੰਨਾ ਪੁਲੀਸ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਇੱਕ ਫੈਕਟਰੀ ‘ਤੇ ਰੇਡ ਕਰ ਉਸ ਨੂੰ ਸੀਲ ਕੀਤਾ ਸੀ।