ਰਾਜਸਥਾਨ ਦੇ ਜੈਸਲਮੇਰ ‘ਚ ਫਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ 24 ਬੱਸਾਂ ਰਵਾਨਾ

TeamGlobalPunjab
2 Min Read

ਪਟਿਆਲਾ : ਪੂਰੇ ਦੇਸ਼ ‘ਚ ਲੌਕਡਾਊਨ ਕਾਰਨ ਬਹੁਤ ਸਾਰੇ ਵਿਦਿਆਰਥੀ ਕਈ ਥਾਵਾਂ ‘ਤੇ ਫਸੇ ਹੋਏ ਹਨ ਤੇ ਉਨ੍ਹਾਂ ਦੀ ਘਰ ਵਾਪਸੀ ਨਹੀਂ ਹੋ ਸਕੀ ਹੈ। ਜਿਸ ਦੇ ਚੱਲਦਿਆਂ ਪੰਜਾਬ ਦੀ ਸੂਬਾ ਸਰਕਾਰ ਨੇ ਰਾਜਸਥਾਨ ਦੇ ਜੈਸਲਮੇਰ ‘ਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੀ ਘਰ ਵਾਪਸੀ ਦਾ ਬੀੜਾ ਉਠਾਇਆ ਹੈ। ਜਿਸ ਤਹਿਤ ਰਾਜਸਥਾਨ ‘ਚ ਫਸੇ ਵਿਦਿਆਰਥੀਆਂ ਨੂੰ ਪੰਜਾਬ ਵਾਪਸ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ 24 ਬੱਸਾਂ ਨੂੰ ਰਾਜਸਥਾਨ ਲਈ ਰਵਾਨਾ ਕੀਤਾ ਗਿਆ ਹੈ।

ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਹੈ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਦੇਸ਼ ਵਿਆਪੀ ਲੌਕਡਾਊਨ ਕਾਰਨ ਰਾਜਸਥਾਨ ਦੇ ਜੈਸਲਮੇਰ ‘ਚ ਫਸੇ ਪੰਜਾਬ ਦੇ 1067 ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਮੱਦੇਨਜ਼ਰ ਪੀ.ਆਰ.ਟੀ.ਸੀ. ਨੇ ਆਪਣੀਆਂ 24 ਸਧਾਰਨ ਬੱਸਾਂ ਜੈਸਲਮੇਰ ਭੇਜੀਆਂ ਹਨ। ਕੇ.ਕੇ. ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਅਤੇ ਫ਼ਰੀਦਕੋਟ ਡੀਪੂ 24 ਸਧਾਰਨ ਬੱਸਾਂ ਨੂੰ ਅੱਜ ਸ਼ਾਮ 4 ਵਜੇ ਬਠਿੰਡਾ ਤੋਂ ਜੈਸਲਮੇਰ ਲਈ ਰਵਾਨਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੈਸਲਮੇਰ ਜਾ ਰਹੀਆਂ ਬੱਸਾਂ ਨਾਚਨਾ, ਮੋਹਨਗੜ੍ਹ, ਰਾਮਗੜ੍ਹ ਤੇ ਫਤਿਹਗੜ੍ਹ  ਜਾਣਗੀਆਂ, ਜਿੱਥੋਂ ਵਿਦਿਆਰਥੀਆਂ ਨੂੰ ਵਾਪਸ ਲਿਆਇਆ ਜਾਵੇਗਾ। ਚੇਅਰਮੈਨ ਨੇ ਦੱਸਿਆ ਕਿ ਇਸੇ ਤਰ੍ਹਾਂ ਰਾਜਸਥਾਨ ਦੇ ਹੀ ਕੋਟਾ ਵਿਖੇ ਵੀ ਪੰਜਾਬ ਦੇ 215 ਵਿਦਿਆਰਥੀ ਫਸੇ ਹੋਏ ਹਨ, ਉਨ੍ਹਾਂ ਨੂੰ ਵੀ ਪੰਜਾਬ ਵਾਪਸ ਲਿਆਉਣ ਲਈ 27 ਅਪ੍ਰੈਲ ਨੂੰ ਪੀ.ਆਰ.ਟੀ.ਸੀ ਦੀਆਂ ਬੱਸਾਂ ਨੂੰ ਰਾਜਸਥਾਨ ਭੇਜਿਆ ਜਾਵੇਗਾ ਤੇ ਪੰਜਾਬ ਸਰਕਾਰ ਨੇ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰਕੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਚੇਅਰਮੈਨ ਕੇ.ਕੇ. ਸ਼ਰਮਾ ਨੇ ਅੱਗੇ ਕਿਹਾ ਕਿ ਇਨ੍ਹਾਂ ਬੱਸਾਂ ਵਿੱਚ ਤਾਇਨਾਤ ਅਮਲੇ ਅਤੇ ਸਵਾਰੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਬੱਸਾਂ ਤੇ ਸਟਾਫ਼ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਉਨ੍ਹਾਂ ਲਈ  ਦਸਤਾਨੇ, ਮਾਸਕ ਅਤੇ ਲੋੜੀਂਦੀਆਂ ਦਵਾਈਆਂ ਵੀ ਉਪਲਬੱਧ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਬਿਨ੍ਹਾਂ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Share This Article
Leave a Comment