ਲਾਕਡਾਊਨ ਦੌਰਾਨ ਗੁਰਦੁਆਰਾ ਸੱਚਖੰਡ ਨੰਦੇੜ ਸਾਹਿਬ ‘ਚ ਫਸੇ ਸ਼ਰਧਾਲੂਆਂ ਨੂੰ ਲੈ ਕੇ ਸਪੈਸ਼ਲ ਬੱਸਾਂ ਪੰਜਾਬ ਲਈ ਰਵਾਨਾ

TeamGlobalPunjab
3 Min Read

ਚੰਡੀਗੜ੍ਹ : ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ‘ਚ ਫਸੇ ਸ਼ਰਧਾਲੂਆਂ ਨੂੰ ਬੱਸਾਂ ਦੇ ਦੋ ਕਾਫਲਿਆਂ ਰਾਹੀਂ ਪੰਜਾਬ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਲਾਕਡਾਊਨ ਕਾਰਨ ਬਹੁਤ ਸਾਰੇ ਸ਼ਰਧਾਲੂ ਪਿਛਲੇ ਇੱਕ ਮਹੀਨੇ ਤੋਂ ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ਵਿਖੇ ਫਸੇ ਹੋਏ ਸਨ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਗਲੋਬਲ ਪੰਜਾਬ ਟੀਵੀ ਦੇ ਆਡੀਟਰ ਦਰਸ਼ਨ ਸਿੰਘ ਖੋਖਰ ਵੱਲੋਂ ਗੁਰਦੁਆਰਾ ਸੱਚਖੰਡ ਸ੍ਰੀ ਨੰਦੇੜ ਸਾਹਿਬ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੱਲ ਰਾਤੀ 10.30 ਵਜੇ 323 ਸ਼ਰਧਾਲੂਆਂ ਨੂੰ ਸਪੈਸ਼ਲ ਬੱਸਾਂ ਰਾਹੀਂ ਪੰਜਾਬ ਲਈ ਰਵਾਨਾ ਕੀਤਾ ਗਿਆ ਹੈ ਜਿਹੜੇ ਕਿ ਅੱਜ ਇੰਦੋਰ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ  ਪੰਜ ਟੈਮੂ ਟ੍ਰੈਵਲ ਗੱਡੀਆਂ ਰਾਹੀਂ ਲਗਭਗ 150 ਸ਼ਰਧਾਲੂਆਂ ਨੂੰ ਵੀ ਅੱਜ ਪੰਜਾਬ ਰਵਾਨਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਲਗਭਗ 500 ਸ਼ਰਧਾਲੂਆਂ ਨੂੰ ਹੁਣ ਤੱਕ ਪੰਜਾਬ ਭੇਜਿਆ ਜਾ ਚੁੱਕਾ ਹੈ।

ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 3000 ਦੇ ਲਗਭਗ ਹੋਰ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਹਨ ਤੇ ਇਨ੍ਹਾਂ ਸ਼ਰਧਾਲੂਆਂ ਨੂੰ ਇੱਕ ਹਫਤੇ ਅੰਦਰ ਪੰਜਾਬ ਪਹੁੰਚਾ ਦਿੱਤਾ ਜਾਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਸਭ ਦੀ ਵਿਵਸਥਾ ਕਿਸ ਵੱਲੋਂ ਕੀਤੀ ਗਈ ਹੈ ਤਾਂ ਉਨ੍ਹਾਂ ਦੱਸਿਆ ਕਿ ਜਿਹੜੀਆਂ ਸਪੈਸ਼ਲ ਬੱਸਾਂ ‘ਚ ਸ਼ਰਧਾਲੂਆਂ ਨੂੰ ਪੰਜਾਬ  ਰਵਾਨਾ ਕੀਤਾ ਗਿਆ ਹੈ ਉਨ੍ਹਾਂ ਦਾ ਖਰਚਾ ਗੁਰਦੁਆਰਾ ਸਕੱਤਰ ਬੋਰਡ ਵੱਲੋਂ ਕੀਤਾ ਗਿਆ ਹੈ ਤੇ ਜਿਹੜੀਆਂ ਪ੍ਰਾਇਵੇਟ ਗੱਡੀਆਂ ਹਨ ਉਨ੍ਹਾਂ ਦਾ ਖਰਚਾ ਸ਼ਰਧਾਲੂਆਂ ਵੱਲੋਂ ਖੁਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਲਗਭਗ  180 ਦੇ ਕਰੀਬ ਹੋਰ ਸੰਗਤਾਂ 11 ਟੈਂਪੂ ਟਰੈਵਲਰ ਰਾਹੀਂ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਣ ਲਈ ਤਿਆਰ ਹਨ ਤੇ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਯਤਨਾਂ ਸਦਕਾ ਇਹ ਸੰਗਤਾਂ ਅੱਜ ਰਾਤ 10 ਵਜੇ ਦੇ ਕਰੀਬ ਅੰਮ੍ਰਿਤਸਰ ਲਈ ਚਾਲੇ ਪਾਉਣਗੀਆਂ। ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਤੋਂ ਇਨ੍ਹਾਂ ਸੰਗਤਾਂ ਦੇ ਰਸਤੇ ਲਈ ਲੰਗਰ ਦੀ ਪੂਰੇ ਪ੍ਰਬੰਧ ਵੀ ਕਰਕੇ ਨਾਲ ਭੇਜੇ ਜਾ ਰਹੇ ਹਨ। ਮੀਡੀਆ ਇੰਚਾਰਜ ਰਵਿੰਦਰ ਸਿੰਘ ਨੇ ਇਸ ਸਭ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਸੰਗਤਾਂ ਦੀ ਵਾਪਸੀ ਲਈ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ, ਮਹਾਂਰਾਸ਼ਟਰ ਸਰਕਾਰ ਤੇ ਨੰਦੇੜ ਸਾਹਿਬ ਨੇ ਇਸ ‘ਚ ਸਹਿਯੋਗ ਦਿੱਤਾ ਹੈ।

Share This Article
Leave a Comment