ਚੰਡੀਗੜ੍ਹ: ਬੇਅਦਬੀ ਅਤੇ ਗੋਲੀ ਕਾਂਡ ਨੂੰ ਭਾਵੇਂ ਲੰਬਾ ਸਮਾਂ ਬੀਤ ਗਿਆ ਹੈ ਪਰ ਅੱਜ ਵੀ ਇਸ ਦੀ ਜਾਂਚ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਇਸ ਦੇ ਚਲਦਿਆਂ ਅਜ ਐਸਜੀਪੀਸੀ ਵਲੋਂ ਬਹਿਬਲ ਕਲਾ ਗੋਲੀ ਕਾਂਡ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕੀਤਾ ਗਿਆ ਹੈ । ਇਸ ਦੀ ਸਿੱਖ ਬੁੱਧੀਜੀਵੀਆਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ ।
ਦਸ ਦੇਈਏ ਕਿ ਸਿੱਖ ਬੁੱਧੀਜੀਵੀਆਂ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਉਮਰਾਨੰਗਲ ਨੂੰ ਭਾਈ ਕਿਰਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਸ਼ਹੀਦੀ ਲਈ ਕਸੂਰਦਾਰ ਠਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਖ ਸੰਗਤ ਨੂੰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਸੇਵਾਦਾਰਾਂ ਦੀ ਭੂਮਿਕਾ ਬਾਰੇ ਕਈ ਪ੍ਰਕਾਰ ਦੇ ਗੰਭੀਰ ਸ਼ੰਕੇ ਹਨ ਅਤੇੇ ਇਸ ਘਟਨਾ ਨੇ 100 ਸਾਲ ਪਹਿਲਾਂ ਵਾਲੇ ਪੂਜਾਰੀਆਂ ਅਤੇ ਸਰਬਰਾਹ ਆਰੂੜ ਸਿੰਘ ਦੇ ਵਰਤਾਰੇ ਨੂੰ ਸੁਰਜੀਤ ਕਰਕੇ ਬੱਜਰ ਗਲਤੀ ਦੁਹਰਾਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੂੰ ਲਾਭ ਪਹੁੰਚਾਉਣ ਲਈ ਸਿੱਖ ਪਰੰਪਰਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਕੰਮ ਨਾ ਕਰੇ ਜਿਸ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਜਾਣ।
ਸਾਂਝੇ ਬਿਆਨ ਦੇ ਦਸਤਖਤ ਕਰਨ ਵਾਲਿਆਂ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ, ਗੁਰਤੇਜ ਸਿੰਘ ਆਈ.ਏ.ਐੱਸ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਡਾ. ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ) ਜਸਵਿੰਦਰ ਸਿੰਘ ਰਾਜਪੁਰਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਨਰੈਣ ਸਿੰਘ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ, ਸੰਪਾਦਕ ਦੇਸ ਪੰਜਾਬ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ,ਪ੍ਰੋਫੈਸਰ ਮਨਜੀਤ ਸਿੰਘ ,ਸੁਖਦੇਵ ਸਿੰਘ ਸਿਧੂ ਅਤੇ ਕਰਮਜੀਤ ਸਿੰਘ ਸ਼ਾਮਲ ਹਨ।