ਫਰੀਦਕੋਟ : ਵਿਗਿਆਨ ਦੇ ਇਸ ਯੁੱਗ ਵਿੱਚ ਵੀ ਕੁਝ ਲੋਕ ਜਾਦੂ ਟੂਣੇ ਜਿਹੇ ਅੰਧਵਿਸ਼ਵਾਸ ‘ਤੇ ਭਰੋਸਾ ਕਰਦੇ ਹਨ । ਅਜਿਹਾ ਇਸੇ ਅੰਧ ਵਿਸ਼ਵਾਸ ਨੇ ਇਕ ਮਹਿਲਾ ਦੀ ਜਾਨ ਲੈ ਲਈ ਹੈ । ਮਾਮਲਾ ਹੈ ਫਰੀਦਕੋਟ ਥਾਣਾ ਸਦਰ ਦੇ ਇੱਕ ਪਿੰਡ ਮਚਾਕੀ ਮੱਲ ਸਿੰਘ ਦਾ ਜਿਥੇ ਜਾਦੂ-ਟੂਣੇ ਨੂੰ ਲੈ ਕੇ ਦੋ ਪਰਿਵਾਰਾਂ ਦਰਮਿਆਨ ਹੋਏ ਝਗੜੇ ਦੌਰਾਨ ਇੱਕ ਔਰਤ ਨੇ ਕਰੀਬ 10 ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਲਈ ਸੀ ਅਤੇ ਹੁਣ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ ।
ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਮ੍ਰਿਤਕ ਸੁਖਵੀਰ ਕੌਰ (25) ਪਤੀ ਨਾਮ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਉਸਦੇ ਪਿੰਡ ਦੀਆਂ ਦੋ ਔਰਤਾਂ ਸਣੇ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ ।
ਰਿਪੋਰਟਾਂ ਅਨੁਸਾਰ ਮ੍ਰਿਤਕ ਸੁਖਵੀਰ ਕੌਰ ਦੇ ਪਤੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਬੀਤੇ ਦਿਨੀਂ 4 ਅਪ੍ਰੈਲ ਨੂੰ ਕੁਲਦੀਪ ਕੌਰ, ਜੋ ਕਿ ਉਸਦੇ ਘਰ ਦੇ ਕੋਲ ਰਹਿੰਦੀ ਸੀ, ਨੇ ਮ੍ਰਿਤਕਾ ਸੁਖਵੀਰ ਕੌਰ ਦੇ ਉਨ੍ਹਾਂ ਦੇ ਘਰ ਬਾਥਰੂਮ ਦੀ ਕੰਧ ਤੇ ਪਏ ਕੱਪੜੇ ਚੁੱਕ ਲਏ ਸਨ ਅਤੇ ਕੱਪੜੇ ਨੂੰ ਖਾਲੀ ਜਗ੍ਹਾ ਵਿੱਚ ਰੱਖ ਕੇ ਜਾਦੂ-ਟੂਣਾ ਕੀਤਾ ਸੀ। ਨਾਮ ਸਿੰੰਘ ਅਨੁਸਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਹ ਕੁਲਦੀਪ ਦੇ ਘਰ ਉਲਾਭਾ ਦੇ ਕੇ ਆਏ। ਉਨ੍ਹਾਂ ਕਿਹਾ ਕਿ ਇਸ ਦੇ ਗੁੱਸੇ ਵਜੋਂ 7 ਅਪ੍ਰੈਲ ਨੂੰ ਕੁਲਦੀਪ ਕੌਰ ਅਤੇ ਉਸ ਦੇ ਪਰਿਵਾਰ ਨੇ ਉਸ ਦੇ ਘਰ ਦਾਖਲ ਹੋ ਕੇ ਬਦਲਾ ਲੈਣ ਲਈ ਉਸਦੇ ਪਿਤਾ ਗੁਰਚਰਨ ਸਿੰਘ ਨਾਲ ਕੁੱਟਮਾਰ ਕੀਤੀ, ਜਿਸਦੇ ਚਲਦਿਆਂ ਉਸਨੇ 7 ਅਪ੍ਰੈਲ ਨੂੰ ਥਾਣਾ ਸਦਰ ਵਿੱਚ ਉਸਦੇ ਖਿਲਾਫ ਇੱਕ ਅਪਰਾਧਿਕ ਕੇਸ ਦਾਇਰ ਕੀਤਾ ਸੀ।
ਸ਼ਿਕਾਇਤਕਰਤਾ ਅਨੁਸਾਰ ਕੇਸ ਦਰਜ ਕਰਵਾਉਣ ਦੇ ਗੁੱਸੇ ਵਜੋਂ ਉਨ੍ਹਾਂ ਇਕ ਵਾਰ ਫਿਰ ਤੇਜ਼ਧਾਰ ਹਥਿਆਰਾਂ ਨਾਲ ਲੈਸ 9 ਅਪ੍ਰੈਲ ਨੂੰ ਉਸ ਦੇ ਘਰ ‘ਤੇ ਹਮਲਾ ਕੀਤਾ ਸੀ। ਉਸ ਵਕਤ ਸੁਖਵੀਰ ਕੌਰ ਘਰ ਵਿੱਚ ਇਕੱਲੀ ਸੀ ਅਤੇ ਉਸ ਨੇ ਡਰ ਕਾਰਨ ਜ਼ਹਿਰੀਲੀ ਦਵਾਈ ਪੀ ਲਈ। ਉਨ੍ਹਾਂ ਕਿਹਾ ਕਿ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਏਐਸਆਈ ਸੁਖਦਾਤਾ ਪਾਲ ਨੇ ਦੱਸਿਆ ਕਿ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਨੇ ਉਸਦੇ ਪਤੀ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।