ਕੋਰੋਨਾ ਪ੍ਰਕੋਪ ਦੇ ਮੱਦੇਨਜ਼ਰ ਹੁਣ ਬੀਮਾ ਕੰਪਨੀਆਂ ਨੂੰ ਇਲਾਜ ਦੇ ਕਲੇਮ ‘ਤੇ ਮਹਿਜ਼ ਦੋ ਘੰਟਿਆਂ ਵਿੱਚ ਲੈਣਾ ਹੋਵੇਗਾ ਫੈਸਲਾ : IRDA

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਚੱਲਦਿਆਂ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (IRDA) ਨੇ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਬੀਮਾ ਕੰਪਨੀਆਂ ਅਤੇ ਕਲੇਮ ਨਾਲ ਜੁੜੇ ਮਾਮਲਿਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ ਨੇ ਜਾਰੀ ਦਿਸ਼ਾ ਨਿਰਦੇਸ਼ਾਂ ‘ਚ ਕਿਹਾ ਹੈ ਕਿ ਹੁਣ ਬੀਮਾ ਕੰਪਨੀਆਂ ਨੂੰ ਕੋਰੋਨਾ ਇਲਾਜ ਦੇ ਕਲੇਮ (ਦਾਅਵਾ) ਦੀਆਂ ਅਰਜ਼ੀ ਦਾ ਨਿਪਟਾਰਾ ਮਹਿਜ਼ 2 ਘੰਟਿਆਂ ‘ਚ ਕਰਨਾ ਹੋਵੇਗਾ ਤਾਂ ਜੋ ਕੋਰੋਨਾ ਪੀੜਤ ਕਿਸੇ ਵੀ ਮਰੀਜ਼ ਨੂੰ ਮੁਸ਼ਕਲਾ ਦਾ ਸਾਹਮਣਾ ਨਾ ਕਰਨਾ ਪਵੇ।

ਆਈਆਰਡੀਏ ਨੇ ਪੀੜਤ ਬੀਮਾ ਧਾਰਕਾਂ ਦੀਆਂ ਮੁਸ਼ਕਲਾ ਨੂੰ ਘੱਟ ਕਰਨ ਲਈ ਜਨਰਲ ਅਤੇ ਸਿਹਤ ਬੀਮੇ ਦੇ ਤੁਰੰਤ ਨਿਪਟਾਰੇ ਲਈ ਨਵੇਂ ਅਤੇ ਅਹਿਮ ਮਾਪਦੰਡ ਜਾਰੀ ਕੀਤੇ ਹਨ। ਬੀਮਾ ਅਥਾਰਟੀ ਆਫ ਇੰਡੀਆ ਨੇ ਸਾਰੀਆਂ ਸਿਹਤ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ ‘ਚ ਕੈਸ਼ਲੈਸ ਇਲਾਜ ਅਤੇ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਮਹਿਜ਼ ਦੋ ਘੰਟਿਆਂ ‘ਚ ਫੈਸਲਾ ਲਿਆ ਜਾਵੇ। ਆਈਆਰਡੀਏ ਨੇ ਇਹ ਵੀ ਕਿਹਾ ਕਿ ਹਸਪਤਾਲ ਤੋਂ ਅੰਤਮ ਬਿੱਲ ਮਿਲਣ ਜਾਂ ਡਿਸਚਾਰਜ ਹੋਣ ‘ਤੇ ਬੀਮਾ ਕਰਨ ਵਾਲਿਆਂ ਨੂੰ ਦੋ ਘੰਟਿਆਂ ਦੇ ਅੰਦਰ-ਅੰਦਰ ਆਪਣੇ ਫੈਸਲੇ ਬਾਰੇ ਮਰੀਜ਼ ਅਤੇ ਹਸਪਤਾਲ ਨੂੰ ਸੂਚਿਤ ਕਰਨਾ ਹੋਵੇਗਾ।

ਦੱਸ ਦਈਏ ਕਿ ਲੌਕਡਾਊਨ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ ਸਿਹਤ ਅਤੇ ਵਾਹਨ ਬੀਮਾ ਦੀ ਨਵੀਨੀਕਰਨ ਦੀ ਤਾਰੀਖ 15 ਮਈ ਤੱਕ ਵਧਾ ਦਿੱਤੀ ਹੈ ਤਾਂ ਜੋ ਬੀਮਾ ਪਾਲੀਸੀ ਧਾਰਕਾਂ ਨੂੰ ਲੌਕਡਾਊਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਭਾਵ ਜੇਕਰ ਤੁਹਾਡੀ ਪਾਲੀਸੀ ਦੀ ਨਵੀਨੀਕਰਨ ਦੀ ਤਾਰੀਖ 25 ਮਾਰਚ ਤੋਂ 3 ਮਈ ਦੇ ਵਿਚਕਾਰ ਹੈ ਤਾਂ ਇਹ ਪਾਲੀਸੀ ਹੁਣ 15 ਮਈ ਤੱਕ ਵੈਧ ਮੰਨੀ ਜਾਵੇਗੀ।

ਆਈਆਰਡੀਏ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਮੰਨਣਯੋਗ ਮੈਡੀਕਲ ਖਰਚਿਆਂ ਦਾ ਨਿਪਟਾਰਾ ਮੌਜੂਦਾ ਪਾਲੀਸੀ ਸਮਝੋਤੇ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਜਿਸ ‘ਚ ਇਕਾਂਤਵਾਸ  (ਕੁਆਰੰਟੀਨ) ‘ਚ ਰਹਿਣ ਦਾ ਸਮਾਂ ਵੀ ਸ਼ਾਮਿਲ ਹੈ। ਕਲੇਮ ਕਮੇਟੀ ਦੀ ਵਿਆਪਕ ਸਮੀਖਿਆ ਤੋਂ ਬਿਨ੍ਹਾਂ ਕਲੇਮ (ਦਾਅਵਾ) ਨੂੰ ਅਸਵਿਕਾਰ ਨਹੀਂ ਕੀਤਾ ਜਾ ਸਕਦਾ।

Share This Article
Leave a Comment