ਹੁਸ਼ਿਆਰਪੁਰ: ਬੀਤੀ ਕਲ ਸੂਬੇ ਦੇ 22 ਜ਼ਿਲਿਆਂ ਨੂੰ 3 ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ । ਇਹ 3 ਜੋਨ ਹਨ ਰੈਡ ਜੋਨ, ਓਰੇਂਜ ਜੋਨ ਅਤੇ ਗ੍ਰੀਨ ਜੋਨ । ਹੁਸ਼ਿਆਰਪੁਰ ਨੂੰ ਇਨ੍ਹਾਂ ਵਿਚੋਂ ਓਰੇਂਜ ਜੋਨ ਵਿੱਚ ਰੱਖਿਆ ਗਿਆ ਹੈ । ਇਸੇ ਦੌਰਾਨ ਹੁਣ ਹੁਸ਼ਿਆਰਪੁਰ ਤੋਂ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਇਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ।
ਦਸ ਦੇਈਏ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਹੁਸ਼ਿਆਰਪੁਰ ਵਿੱਚ ਹੀ ਦਰਜ ਕੀਤਾ ਗਿਆ ਸੀ। ਇਥੋਂ ਦੇ ਪਿੰਡ ਮੋਰਾਂਵਾਲੀ ਤੋਂ ਪ੍ਰਾਪਤ ਪਹਿਲਾ ਮਾਮਲਾ ਸਾਹਮਣੇ ਆਇਆ ਸੀ । ਇਥੋਂ ਦਾ ਰਹਿਣ ਵਾਲਾ ਇੱਕ ਬਜ਼ੁਰਗ ਹਰਭਜਨ ਸਿੰਘ ਨਵਾਂਸ਼ਹਿਰ ਦੇ ਪਠਲਾਵਾ ਪਿੰਡ ਦੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਹਰਭਜਨ ਨੂੰ ਇਥੇ 22 ਮਾਰਚ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ 30 ਮਾਰਚ ਨੂੰ ਉਸ ਦੀ ਮੌਤ ਹੋ ਗਈ।ਇਥੇ 1592 ਵਿਅਕਤੀਆਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ ।