ਮੁੰਬਈ : ਦੇਸ਼ ‘ਚ ਕੋਰੋਨਾ ਦੇ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਕਡਾਊਨ ਦੀ ਮਿਆਦ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਪਰ ਇਸ ‘ਚ ਹੀ ਮੁੰਬਈ ‘ਚ ਲਾਕਡਾਊਨ ਦੀ ਉਲੰਘਣਾ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਜਾਰੀ ਇੱਕ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਮੁੰਬਈ ਦੀ ਬਾਂਦ੍ਰਾ ਸੜਕ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਲੋਕ ਪਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ ਜੋ ਅੱਜ ਲਾਕਡਾਊਨ ਖਤਮ ਹੋਣ ਦੀ ਆਸ ਨਾਲ ਆਪਣੇ ਘਰ ਜਾਣ ਲਈ ਇਕੱਠੇ ਹੋਏ ਸਨ।
ਮੁੰਬਈ ‘ਚ ਲਾਕਡਾਊਨ ਦੌਰਾਨ ਲੋਕਾਂ ਦਾ ਇੰਨੀ ਵੱਡੀ ਮਾਤਰਾ ‘ਚ ਇਕੱਠਾ ਹੋਣਾ ਦੇਸ਼ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਨਾਲ ਕੋਰੋਨਾ ਮਹਾਮਾਰੀ ਫੈਲਣ ਦਾ ਖਤਰਾ ਹੋਰ ਵੀ ਵੱਧ ਸਕਦਾ ਹੈ। ਮੁੰਬਈ ਪੁਲੀਸ ਵੱਲੋਂ ਪਹਿਲਾਂ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਭੀੜ ਕਾਬੂ ‘ਚ ਨਾ ਆਉਣ ‘ਤੇ ਲਗਭਗ 6 ਵਜੇ ਪੁਲੀਸ ਨੂੰ ਲੋਕਾਂ ‘ਤੇ ਲਾਠੀਚਾਰਜ ਕਰਨਾ ਪਿਆ।
ਅਜਿਹੀ ਸਥਿਤੀ ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਇਨ੍ਹਾਂ ਮਜ਼ਦੂਰਾਂ ਦੇ ਖਾਣ ਪੀਣ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਸਮਝਾਇਆ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਨੇ ਲਾਕਡਾਊਨ ਖਤਮ ਹੋਣ ਦੀ ਅਫਵਾਹ ਸੋਸ਼ਲ ਮੀਡੀਆ ‘ਤੇ ਫੈਲਾਈ ਸੀ। ਜਿਸ ਤੋਂ ਬਾਅਦ ਪੁਲੀਸ ਵੱਲੋਂ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 197 ਕੇਸ ਦਰਜ ਕੀਤੇ ਗਏ ਹਨ।
ਦੱਸ ਦਈਏ ਕਿ ਮਹਾਂਰਾਸ਼ਟਰ ‘ਚ ਹੁਣ ਤੱਕ ਕੋਰੋਨਾ ਦੇ 2300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਹਾਂਰਾਸ਼ਟਰ ‘ਚ ਮੁੰਬਈ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕੋਰੋਨਾ ਦੇ 1700 ਤੋਂ ਵੱਧ ਮਾਮਲੇ ਇਕੱਲੇ ਮੁੰਬਈ ‘ਚ ਸਾਹਮਣੇ ਆਏ ਹਨ।