ਚੰਡੀਗੜ੍ਹ : ਇਕ ਪਾਸੇ ਜਿਥੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠ ਰਹੀ ਉਥੇ ਹੀ ਇਸੇ ਮਾਹੌਲ ਵਿਚ ਸਿਆਸਤਦਾਨਾਂ ਦੀਆ ਸਰਕਾਰ ਨੂੰ ਸਲਾਹਾਂ ਅਤੇ ਤਿੱਖੇ ਸਵਾਲਾਂ ਦੀਆ ਬਿਆਨੀਆਂ ਵੀ ਸਾਹਮਣੇ ਆ ਰਹੀਆਂ ਹਨ । ਇਸੇ ਦੌਰਾਨ ਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ। ਮਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ ‘ਤੇ ਬੈਠੇ ਹਨ ਇਸ ਲਈ ਗ਼ੈਰਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨਬਾਜ਼ੀ ਨਾ ਕਰਨ । ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਹੋਵੇਗਾ । ਇਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਵਰਕਰਾਂ, ਪੁਲਸ-ਪ੍ਰਸ਼ਾਸਨ ਦੇ ਅਧਿਕਾਰੀਆਂ-ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਮੀਡੀਆ ਕਰਮੀਆਂ ਲਈ ਪੰਜਾਬ ‘ਚ ਜੰਗੀ ਪੱਧਰ ਦੇ ਪ੍ਰਬੰਧ ਅਤੇ ਸਾਜੋ-ਸਮਾਨ ਮੁਹੱਈਆ ਕਰਨ ।
ਭਗਵੰਤ ਮਾਨ ਨੇ ਇਥੇ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ‘ਚ ਕੌਮੀ ਮੀਡੀਆ ਨੂੰ ਸੰਬੋਧਨ ਕਰਦੇ ਸਮੇਂ ਦਿਤੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਕਿ ਉਸ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਇਸ ਨਾਲ ਜਮਾਂ ਖੋਰੀ ਅਤੇ ਕਾਲਾਬਜਾਰੀ ਵਧੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਮੁੱਖ ਮੰਤਰੀ ਦੀ ਬੇਵਸੀ ਅਤੇ ਨਾ ਕਾਬਲੀਅਤ ਜ਼ਾਹਿਰ ਕਰਦੀਆਂ ਹਨ ਅਤੇ ਇਸ ਨਾਲ ਲੜਾਈ ਰਹੇ ਉਨ੍ਹਾਂ ਯੋਧਿਆਂ ਦੇ ਹੋਂਸਲੇ ਪਸਤ ਹੁੰਦੇ ਹਨ ।
ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਪੀਜੀਆਈ ਚੰਡੀਗੜ੍ਹ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ 87 ਪ੍ਰਤੀਸ਼ਤ ਦੇ ਅੰਕੜੇ ਅਤੇ ਅਜਿਹੀ ਕੋਈ ਵੀ ਰਿਪੋਰਟ (ਅਧਿਐਨ) ਨੂੰ ਰੱਦ ਕਰ ਦਿੱਤਾ ਹੈ, ਪਰੰਤੂ ਜੇ ਅਜਿਹੀ ਰਿਪੋਰਟ ਆਈ ਵੀ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾਵਾਇਰਸ ਵਿਰੁੱਧ ਜੰਗੀ ਪੱਧਰ ਦਾ ਪ੍ਰੋਗਰਾਮ ਅਤੇ ਸਾਜੋ-ਸਮਾਨ ਮੁਹੱਈਆ ਕਰਵਾ ਕੇ ਅਤੇ ਲੋਕਾਂ ਦਾ ਹੌਸਲਾ ਅਤੇ ਭਰੋਸਾ ਵਧਾ ਕੇ ਖ਼ੁਦ ਨੂੰ ‘ਸਟੇਟਸਮੈਨ’ ਸਾਬਤ ਕਰਨਾ ਚਾਹੀਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕੇ। ਮਾਨ ਨੇ ਕਿਹਾ ਕਿ ਅਜਿਹੀ ਬੇਲੋੜੀ ਬਿਆਨਬਾਜ਼ੀ ਅਤੇ ਵਾਰ=ਵਾਰ ਬਦਲੇ ਜਾ ਰਹੇ ਫ਼ੈਸਲਿਆਂ ਕਰਕੇ ਇੰਜ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਔਖੀ ਘੜੀ ਦਾ ਸਾਹਮਣਾ ਕਰਨ ‘ਚ ਬੁਖਲਾਏ ਪਏ ਹਨ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਫਿਲਹਾਲ ਦੂਜੀ ਸਟੇਜ ਚੱਲ ਰਹੀ ਹੈ ਅਤੇ ਇਸ ਮਹਾਂਮਾਰੀ ਦਾ ਵੱਡਾ ਉਛਾਲ ਜੁਲਾਈ ਅਤੇ ਅਗਸਤ ਚ ਆਵੇਗਾ । ਉਨ੍ਹਾਂ ਕਿਹਾ ਕਿ ਹਾਲਾਤ ਅਕਤੂਬਰ ਤੱਕ ਸੁਧਰ ਜਾਣਗੇ ਪਰ ਇਸ ਨਾਲ 87 % ਲੋਕ ਇੰਫੈਕਟੇਡ ਹੋ ਜਾਣਗੇ।