ਮੋਗਾ,: ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਮਿਲ ਕੇ ਜ਼ਿਲ੍ਹੇ ਅੰਦਰ ਕਰੋਨਾ ਦੇ ਪ੍ਰਭਾਵਾ ਨੂੰ ਰੋਕਣ ਲਈ ਇੱਕਜੁੱਟ ਹੋ ਕੇ ਲੜ ਰਹੇ ਹਨ ਤਾਂ ਕਿ ਕਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਇਸ ਦੌਰਾਨ ਪੰਜਾਬ ਪੁਲਸ ਵੱਲੋਂ ਕਰਫਿਊ ਕਾਰਨ ਘਰਾਂ ਚ ਬੰਦ ਲੋਕਾਂ ਨੂੰ ਰਾਹਤ ਦਿੰਦਿਆਂ ਘਰਾਂ ਵਿੱਚ ਰਾਸ਼ਨ ਤਕਸੀਮ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ‘ਚ ਸਵੈ-ਸੇਵੀ ਸੰਸਥਾਵਾਂ ਵੱਲੋ ਜਨ ਜਾਗਰਤ ਅਭਿਆਨ ਦੀ ਸਹਾਇਤਾ ਨਾਲ 2 ਲੱਖ ਰੁਪਏ ਤੱਕ ਦਾ ਰਾਸ਼ਨ, ਮਾਸਕ ਆਦਿ 700 ਲੋਕਾਂ ਨੂੰ ਵੰਡੇ ਗਏ।
ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਪੰਜਾਬ ਪੁਲਸ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਲੋਪੋ, ਢੁੱਡੀਕੇ, ਬੱਧਨੀ ਖੁਰਦ, ਮੱਧੋਕੇ, ਦੋਧਰ, ਮੱਲੇਆਣਾ ਆਦਿ ਵਿਖੇ ਲੋਕਾਂ ਨੂੰ ਰਾਸ਼ਨ ਦਾ ਸਮਾਨ ਵੰਡਿਆ, ਜਿਸ ਵਿੱਚ 10 ਕਿਲੋ ਆਟਾ, 2 ਤਰ੍ਹਾਂ ਦੀਆਂ ਦਾਲਾਂ, ਨਮਕ, ਛੋਲੇ ਅਤੇ ਹਲਦੀ ਮਿਰਚ ਆਦਿ ਸ਼ਾਮਲ ਹਨ।
ਕਰਫਿਊ ਦੌਰਾਨ ਸਵੈ-ਸੇਵੀ ਸੰਸਥਾ ਜਨ ਜਾਗਰਤ ਅਭਿਆਨ ਤੋਂ ਦੀਪੀਕਾ ਦੇਸ਼ਵਾਲ, ਜਿਹੜੇ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਵੀ ਹਨ, ਨੇ ਦੱਸਿਆ ਕਿ ਯੂ ਐੱਸ ਵਾਸੀਆਂ ਗੌਤਮ ਬਾਂਸਲ ਅਤੇ ਦੀਪਕ ਬਾਂਸਲ ਦੀ ਸਹਾਇਤਾ ਨਾਲ ਇਹ ਵੰਡ ਕੀਤੀ ਗਈ। ਇਸ ਵਿੱਚ ਸਰਪੰਚ ਸੁਖਦੀਪ ਨੇ ਵੀ ਸਹਾਇਤਾ ਕੀਤੀ।
ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਦਫ਼ਤਰ ਵੱਲੋਂ ਮੋਗਾ ਦੇ ਬੁੱਕਣਵਾਲਾ ਰੋਡ ਵਿਖੇ 450 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਰਾਸ਼ਨ ਵਿੱਚ ਆਟਾ, ਦਾਲਾਂ, ਨਮਕ, ਮਿਰਚ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਅੱਜ ਨਿਹਾਲ ਸਿੰਘ ਵਾਲਾ ਵਿਖੇ ਨਗਰ ਪੰਚਾਇਤ ਵੱਲੋਂ ਰਾਸ਼ਨ ਦੀ ਵੰਡ ਸਬੰਧੀ ਸਰਵੇ ਕਰਵਾਇਆ ਗਿਆ। ਇਸ ਤਰ੍ਹਾਂ ਪਿੰਡ ਬੱਡੋਵਾਲ ਵਿਖੇ 150 ਘਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਇਸਦੇ ਨਾਲ ਹੀ ਨਗਰ ਪੰਚਾਇਤ ਕੋਟ ਈਸੇ ਖਾਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਕਰੋਨਾ ਤੋ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ।