ਟੋਰਾਂਟੋ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਹੁਣ ਜ਼ਰੂਰੀ ਚੀਜ਼ਾਂ ‘ਤੇ ਮਨਮਰਜ਼ੀ ਦੀਆਂ ਕੀਮਤਾਂ ਵਸੂਲਣ ਵਾਲੇ ਗਰੌਸਰੀ ਸਟੋਰਾਂ ਤੇ ਹੁਣ ਕਾਰਵਾਈ ਕੀਤੀ ਜਾਵੇਗੀ।
ਫੋਰਡ ਨੇ ਕਿਹਾ ਕਿ ਉਨ੍ਹਾ ਨੂੰ ਜਾਣਕਾਰੀ ਮਿਲੀ ਸੀ ਕਿ ਟੋਰਾਂਟੋ ਦਾ ਇੱਕ ਗਰੌਸਰੀ ਸਟੋਰ ਲਾਇਜ਼ੌਲ ਡਿਸਇਨਫੈਕਟੈਂਟ ਵਾਈਪਸ ਦਾ ਇੱਕ ਕੰਟੇਨਰ 29.99 ਡਾਲਰ ਦਾ ਵੇਚ ਰਿਹਾ ਹੈ, ਉਹ ਬਹੁਤ ਨਿਰਾਸ਼ ਹੋਏ ਕਿਉਂਕਿ ਇਹ ਕੀਮਤ ਆਮ ਕੀਮਤ ਨਾਲੋਂ ਕਿਤੇ ਜ਼ਿਆਦਾ ਸੀ।
ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੈਸੇ ਕਮਾਉਣ ਲਈ ਮਨਮਰਜ਼ੀਆਂ ਕਰਨ ਨੂੰ ਗੈਰਕਾਨੂੰਨੀ ਠਹਿਰਾਉਣ ਲਈ ਹੁਣ ਸਾਡੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਫੋਰਡ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੇ ਮਾਹੌਲ ਵਿੱਚ ਜਦੋਂ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਅਜਿਹੇ ਵਿੱਚ ਕੋਈ ਲਾਹਾ ਲੈਣ ‘ਤੇ ਲੱਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਇਸ ਪ੍ਰੋਵਿੰਸ, ਪੂਰੇ ਦੇਸ਼ ਦੀਆਂ ਕੰਪਨੀਆਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਪਰ ਇਹੋ ਜਿਹੇ ਕੁਝ ਲੋਕ ਵੀ ਹਨ ਜਿਹੜੇ ਇੱਕ ਕੰਟੇਨਰ ਦੀ ਕੀਮਤ 30 ਡਾਲਰ ਰੱਖ ਸਕਦੇ ਹਨ, ਇਹ ਤਾਂ ਯਕੀਨ ਤੋਂ ਪਰ੍ਹੇ ਹੈ।
ਪ੍ਰੀਮੀਅਰ ਨੇ ਕਿਹਾ ਕਿ ਇਹ ਮੁੱਦਾ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਐਮਰਜੰਸੀ ਮੈਨੇਜਮੈਂਟ ਐਕਟ ਤਹਿਤ ਸਰਕਾਰ ਨੂੰ ਦਿੱਤੀਆਂ ਗਈਆਂ ਨਵੀਆਂ ਸ਼ਕਤੀਆਂ ਦੇ ਮਦੇਨਜ਼ਰ ਮਨਚਾਹੀਆਂ ਕੀਮਤਾਂ ਵਸੂਲਣ ਦੀ ਕਾਰਵਾਈ ਨੂੰ ਗੈਰਕਾਨੂੰਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ। ਅਸੀਂ ਪ੍ਰੋਵਿੰਸ ਦੇ ਲੋਕਾਂ ਦੀ ਸੁਰੱਖਿਆ ਕਰਨ ਲਈ ਹੀ ਬੈਠੇ ਹਾਂ।