ਵਾਸ਼ਿੰਗਟਨ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦੀ ਚਪੇਟ ‘ਚ ਹੁਣ ਤੱਕ 160 ਤੋਂ ਵੱਧ ਦੇਸ਼ ਆ ਚੁੱਕੇ ਹਨ। ਇਸ ‘ਚ ਹੀ ਅਮਰੀਕਾ ਦੇ ਦੋ ਸੰਸਦ ਮੈਬਰਾਂ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਲੱਛਣ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੈਲਫ ਆਈਸੋਲੇਸ਼ਨ ਵਾਰਡ ‘ਚ ਰੱਖਿਆ ਜਾ ਰਿਹਾ ਹੈ।
ਇੱਕ ਅਮਰੀਕੀ ਮੀਡੀਆ ਅਨੁਸਾਰ ਫਲੋਰੀਡਾ ਤੋਂ ਰਿਪਬਲੀਕਨ ਦੇ ਸੇਨੇਟਰ ਮਾਰੀਓ ਡਿਆਜ਼ ਦੇ ਕੋਰੋਨਾ ਵਾਇਰਸ ਦੇ ਟੈਸਟ ਸਕਾਰਾਤਮਕ ਪਾਏ ਗਏ ਹਨ। ਉਨ੍ਹਾਂ ਨੇ ਟਵਿੱਟਰ ‘ਤੇ ਇਕ ਬਿਆਨ ਜਾਰੀ ਕਰ ਇਸ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਨੂੰ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਡੈਮੋਕਰੇਟ ਸੇਨੇਟਰ ਬੇਨ ਮੈਕਐਡਮਸ ਦੀ ਕੋਰੋਨਾ ਟੈਸਟ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਹੈ ਉਨ੍ਹਾਂ ਨੇ ਖੁਦ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਾਸ਼ਿੰਗਟਨ ਤੋਂ ਆਉਣ ਤੋਂ ਬਾਅਦ ਉਨ੍ਹਾਂ ‘ਚ ਬੁਖਾਰ ਦੇ ਲੱਛਣ ਪਾਏ ਗਏ ਸਨ ਤੇ ਟੈਸਟ ‘ਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ।
ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਮਰੀਕਾ ‘ਚ ਹੁਣ ਤੱਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9000 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਕੋਰੋਨਾ ਦੇ ਵਧਦੇ ਪ੍ਰਭਾਵ ਦੇ ਚੱਲਦਿਆਂ ਅਮਰੀਕਾ ਦੇ ਲਗਭਗ 40 ਰਾਜਾਂ ਵਿੱਚ ਪਬਲਿਕ ਸਕੂਲ, ਰੈਸਟੋਰੈਂਟ, ਬਾਰ, ਖੇਡ ਜਾਂ ਹੋਰ ਜਨਤਕ ਸਮਾਗਮ ‘ਤੇ ਪਾਬੰਦੀ ਲਗਾਈ ਗਈ ਹੈ।
ਪੂਰੀ ਦੁਨੀਆ ‘ਚ ਹੁਣ ਤੱਕ ਕੋਰੋਨਾ ਵਾਇਰਸ ਨਾਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।