ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੋਰ ਵਾਧਾ ਹੋਇਆ ਹੈ ਤੇ ਇਹ ਗਿਣਤੀ 170 ਦੇ ਲਗਭਗ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 169 ਹੋ ਗਈ ਹੈ ਇਨ੍ਹਾਂ ਵਿੱਚੋਂ 25 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਦੱਸ ਦਈਏ ਕਿ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਲਗਭਗ 8 ਲੱਖ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਭਾਰਤ ਵਿੱਚ ਹੁਣ ਤੱਕ ਕੋਵਿਡ-19 ਨਾਲ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਬੁੱਧਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਅਨੁਸਾਰ ਪੀਜੀਆਈ ਤੇ ਵਾਇਰਲੋਜੀ ਡਿਪਾਰਟਮੈਂਟ ‘ਚ ਹੋਈ ਜਾਂਚ ‘ਚ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਚੰਡੀਗੜ੍ਹ ਵਾਸੀ ਮਹਿਲਾ ਐਤਵਾਰ ਸਵੇਰੇ ਇੰਗਲੈਂਡ ਤੋਂ ਪਰਤੀ ਸੀ। ਸਰਦੀ ਜ਼ੁਕਾਮ ਦੀ ਸ਼ਿਕਾਇਤ ਤੇ ਉਸ ਨੂੰ ਜੀਐਮਸੀਐਚ ‘ਚ ਭਰਤੀ ਕਰਵਾਇਆ ਗਿਆ ਸੀ।
ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਕਰੋਨਾ ਵਾਇਰਸ ਐਕਟਿਵ ਮਾਮਲਿਆਂ ਦੀ ਗਿਣਤੀ 151 ਹੈ ਜਦਕਿ 14 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਮਾਈਗ੍ਰੇਟਰੀ ਦੀ ਗਿਣਤੀ 1 ਹੈ।