ਮੋਗਾ : ਭਾਰਤੀ ਮੂਲ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਕੈਨੇਡਾ ‘ਚ ਆਤਮ-ਹੱਤਿਆ ਕਰ ਲਈ ਹੈ। ਮ੍ਰਿਤਕ ਬਲਜਿੰਦਰ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਵਿਆਹ ਗੁਰਚਰਨ ਸਿੰਘ ਦੀ ਲੜਕੀ ਸੁਖਦੀਪ ਕੌਰ ਨਾਲ 24 ਦਸੰਬਰ 2017 ਨੂੰ ਹੋਇਆ ਸੀ। ਵਿਆਹ ਤੋਂ 10 ਮਹੀਨੇ ਬਾਅਦ ਉਨ੍ਹਾਂ ਦਾ ਲੜਕਾ ਕੈਨੇਡਾ ਚਲਾ ਗਿਆ ਸੀ। ਜਿੱਥੇ ਉਹ 5 ਮਹੀਨੇ ਆਪਣੇ ਸਹੁਰੇ ਪਰਿਵਾਰ ਨਾਲ ਰਿਹਾ।
ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਸਹੁਰਾ ਪਰਿਵਾਰ ਨੇ ਕੁਝ ਸਮੇਂ ਬਾਅਦ ਬਲਜਿੰਦਰ ਸਿੰਘ ਤੋਂ ਪੈਸੇ ਤੇ ਜ਼ਮੀਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਚੱਲਦਿਆਂ ਬਲਜਿੰਦਰ ਸਿੰਘ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਬਲਜਿੰਦਰ ਸਿੰਘ ਦਾ ਪੀ.ਆਰ. ਕਾਰਡ ਤੇ ਪਾਸਪੋਰਟ ਵੀ ਆਪਣੇ ਕਬਜ਼ੇ ‘ਚ ਰੱਖ ਲਿਆ। ਜਿਸ ਤੋਂ ਬਾਅਦ ਬਲਜਿੰਦਰ ਸਿੰਘ ਹੁਣ ਆਪਣੀ ਭੂਆ ਦੇ ਘਰ ਸਰੀ (ਕੈਨੇਡਾ) ‘ਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਨੇ ਕਈ ਵਾਰ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਪੀ.ਆਰ. ਕਾਰਡ ਤੇ ਪਾਸਪੋਰਟ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਬਲਜਿੰਦਰ ਸਿੰਘ ਨੂੰ ਉਸ ਦੇ ਦਸਤਾਵੇਜ਼ ਨਹੀਂ ਦਿੱਤੇ। ਜਿਸ ਕਾਰਨ ਬਲਜਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੈਨੇਡਾ ‘ਚ ਆਤਮ-ਹੱਤਿਆ ਕਰ ਲਈ।
ਮ੍ਰਿਤਕ ਦੇ ਪਿਤਾ ਨਰਾਇਣ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਖਿਲਾਫ ਐਨ.ਆਰ.ਆਈ. ਥਾਣੇ ‘ਚ ਦਰਖਾਸਤ ਵੀ ਦਿੱਤੀ ਗਈ ਤੇ ਮੱਖਣ ਬਰਾੜ (ਮੱਲਕੀਆਵਾਲਾ), ਗੁਰਚਰਨ ਸਿੰਘ (ਸੁਹਰਾ), ਸੁਖਦੀਪ ਕੌਰ, ਗਿੱਲ ਹਰਦੀਪ (ਚਾਚਾ) ਤੇ ਕੁਲਦੀਪ ਸਿੰਘ (ਵਿਚੋਲਾ) ਵੱਲੋਂ ਉਨ੍ਹਾਂ ‘ਤੇ ਪੈਸੇ ਤੇ ਜ਼ਮੀਨ ਦੇਣ ਲਈ ਦਬਾਅ ਵੀ ਪਾਇਆ ਜਾਂਦਾ ਰਿਹਾ।
ਪਿਤਾ ਨਰਾਇਣ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਇੰਨਸਾਫ ਦਵਾਇਆ ਜਾਵੇ।