ਨਿਊਜ਼ ਡੈਸਕ : ਵਿਸ਼ਵ ਪੱਧਰੀ ਖੇਤੀ ਵਿਗਿਆਨੀ ਡਾ: ਦਰਸ਼ਨ ਸਿੰਘ ਬਰਾੜ ਰਾਤੀਂ ਲੁਧਿਆਣਾ ਚ ਸਦੀਵੀ ਵਿਛੋੜਾ ਦੇ ਗਏ ਹਨ।
ਡਾ: ਬਰਾੜ ਇਸ ਵੇਲੇ ਭਾਰਤ ਚ ਵੱਸਦੇ ਅੰਤਰ ਰਾਸ਼ਟਰੀ ਖੇਤੀ ਵਿਗਿਆਨੀਆਂ ਚੋਂ ਪਹਿਲੀ ਕਤਾਰ ਦੇ ਪਲਾਂਟ ਬਰਿਡਿੰਗ ਤੇ ਬਾਇ ਟੈਕਨਾਲੋਜੀ ਖੇਤਰ ਦੇ ਸਿਰਕੱਢ ਵਿਗਿਆਨੀ ਸਨ।
ਡਾ: ਗੁਰਦੇਵ ਸਿੰਘ ਖ਼ੁਸ਼ ਵਰਗੇ ਵਿਗਿਆਨੀ ਦੀ ਸੱਜੀ ਬਾਂਹ ਸਨ ਉਹ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਉਹ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਠਵੇਂ ਦਹਾਕੇ ਚ ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ ਫਿਲਪਾਈਨਜ਼ ਚਲੇ ਗਏ ਸਨ। ਇਥੇ ਉਹ ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋ ਕੇ ਲੁਧਿਆਣਾ ਆ ਗਏ।
ਡਾ: ਦਰਸ਼ਨ ਸਿੰਘ ਬਰਾੜ ਦਾ ਜੱਦੀ ਪਿੰਡ ਬਿਸ਼ਨੰਦੀ ਸੀ ਜਿੱਥੇ ਉਹ 7ਮਾਰਚ 1944 ਨੂੰ ਪੈਦਾ ਹੋਏ। ਸਰਕਾਰੀ ਹਾਈ ਸਕੂਲ ਜੈਤੋ(ਫ਼ਰੀਦਕੋਟ) ਤੋਂ ਦਸਵੀਂ ਪਾਸ ਕਰਕੇ ਗੌਰਮਿੰਟ ਬਰਜਿੰਦਰਾ ਕਾਲਿਜ ਚ ਦਾਖ਼ਲ ਹੋ ਗਏ ਤੇ ਇਥੋਂ ਪੰਜਾਬ ਖੇਤੀ ਯੂਨੀਵਰਸਿਟੀ ਚ ਪੜ੍ਹਨ ਆ ਗਏ। 1969 ਚ ਐੱਮ ਐੱਸ ਸੀ ਤੇ 1973 ਚ ਡਾਕਟਰੇਟ ਕਰਕੇ ਇਥੇ ਹੀ ਪਲਾਂਟ ਬਰੀਡਿੰਗ ਵਿਭਾਗ ਚ ਕੰਮ ਕਰਨ ਲੱਗ ਪਏ।
ਲੰਮਾ ਸਮਾਂ ਮਨੀਲਾ ਚ ਅੰਤਰ ਰਾਸ਼ਟਰੀ ਮਿਆਰ ਦੇ ਖੋਜ ਕਾਰਜ ਕਰਕੇ ਵਤਨ ਪਰਤੇ ਤਾਂ ਪੰਜਾਬ ਖੇਤੀ ਯੂਨੀਵਰਸਿਟੀ ਚ ਨਿਸ਼ਕਾਮ ਵਿਗਿਆਨੀ ਵਜੋਂ ਕੰਮ ਕਰਨ ਲੱਗ ਪਏ। ਉਹ ਆਪਣੀ ਸਾਦਗੀ, ਸਮਰਪਣ, ਸਿਰੜ, ਸਿਦਕਦਿਲੀ, ਸਾਬਤ ਕਦਮੀ ਤੇ ਸੁਹਿਰਦ ਸੋਚ ਕਾਰਨ ਹਰ ਮਨ ਵਿੱਚ ਸਤਿਕਾਰਤ ਸਨ।
ਇਸ ਵੇਲੇ ਉਹ ਪੀਏ ਯੂ ਪ੍ਰਬੰਧਕੀ ਬੋਰਡ ਗੇ ਵੀ ਮੈਂਬਰ ਸਨ। ਕੌਮੀ ਵਿਗਿਆਨ ਅਕਾਡਮੀ (ਨਾਸ) ਦੇ ਵੀ ਫੈਲੋ ਹੋਣ ਤੋਂ ਇਲਾਵਾ ਕਈ ਕੌਮੀ ਤੇ ਕੌਮਾਂਤਰੀ ਸਨਮਾਨਾਂ ਨਾਲ ਸੁਸੱਜਿਤ ਸਨ।
ਬੀਤੀ ਰਾਤ 11ਵਜੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਵਿਗਿਆਨ , ਸਮਾਜਿਕ ਜਗਤ ਤੇ ਸਮੂਹ ਪੰਜਾਬੀਆਂ ਵਿੱਚ ਭਾਰੀ ਸੋਗ ਪਿਆ ਹੈ।