ਸੰਗਰੂਰ : ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਦੇ ਵਿਰੋਧੀਆਂ ਅਤੇ ਸਮਰਥਕਾਂ ਵਿਚਕਾਰ ਚਲ ਰਹੀਆਂ ਹਿੰਸਕ ਘਟਨਾਵਾਂ ਤਾਂ ਭਾਵੇਂ ਕੁਝ ਸ਼ਾਂਤ ਹੋ ਗਈਆਂ ਹਨ ਪਰ ਇਸ ਦੀ ਚਰਚਾ ਪੂਰੀ ਦੁਨੀਆਂ ਭਰ ਅੰਦਰ ਹੋ ਰਹੀ ਹੈ। ਇਸ ਹਿੰਸਾ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸਾਰੀਆਂ ਹੀ ਪਾਰਟੀਆਂ ਅਤੇ ਹੋਰਨਾਂ ਲੋਕਾਂ ਵੱਲੋਂ ਸਖਤ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਅੱਜ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਇਸ ਮਾਮਲੇ ‘ਤੇ ਭਾਜਪਾ ਵਿਰੁੱਧ ਦੱਬ ਕੇ ਭੜਾਸ ਕੱਢੀ ਹੈ। ਭੱਠਲ ਨੇ ਕਿਹਾ ਕਿ ਭਾਜਪਾ ਨੇਤਾਵਾਂ ਵੱਲੋਂ ਲਗਾਤਾਰ ਹਿੰਸਾ ਭੜਕਾਉਣ ਲਈ ਯਤਨ ਕੀਤੇ ਗਏ ਅਤੇ ਇਹ ਫਿਰਕਾਪ੍ਰਸਤੀ ਦੀ ਰਾਜਨੀਤੀ ਹੈ।
ਬੀਬੀ ਰਜਿੰਦਰ ਕੌਰ ਭੱਠਲ ਨੇ ਡੋਨਾਲਡ ਟਰੰਪ ਦੇ ਭਾਰਤ ਦੌਰੇ ‘ਤੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਦੇਸ਼ ਦੀ ਰਾਜਧਾਨੀ ਅੰਦਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਸਨ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਚਪੜਾਸੀਗਿਰੀ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਬੀਬੀ ਭੱਠਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ 75 ਪ੍ਰਤੀਸ਼ਤ ਵਾਅਦੇ ਪੂਰੇ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਏਸੀ ਬੱਸ ਅੱਡੇ ਬਣਾ ਦਿੱਤੇ ਹਨ।