ਚੰਡੀਗੜ੍ਹ : ਬਜਟ ‘ਤੇ ਬਹਿਸ ਦੌਰਾਨ ‘ਆਪ’ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਨਵੇਂ ਬਜਟ ਨੂੰ ਪਿਛਾਂਹ ਖਿੱਚੂ ਦੱਸਦੇ ਹੋਏ ਇਸ ਨੂੰ ਦਲਿਤ ਵਿਰੋਧੀ, ਕਿਸਾਨ ਵਿਰੋਧੀ, ਨੌਜਵਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਵਿਰੋਧੀ ਅਤੇ ਪੰਜਾਬ ਵਿਰੋਧੀ ਬਜਟ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬਕਾਇਆ ਵਜ਼ੀਫ਼ਿਆਂ ਬਾਰੇ ਇੱਕ ਸ਼ਬਦ ਤੱਕ ਨਹੀਂ ਲਿਖਿਆ। ਮਨਰੇਗਾ ਦਾ ਬਜਟ ਪਿਛਲੇ ਸਾਲ ਨਾਲੋਂ ਘਟਾ ਦਿੱਤਾ ਗਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬਕਾਇਆ 22 ਪ੍ਰਤੀਸ਼ਤ ਡੀਏ ‘ਚੋਂ ਸਿਰਫ਼ 6 ਪ੍ਰਤੀਸ਼ਤ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਲਾਜ਼ਮਾਂ ਲਈ ਛੇਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੱਕ 20 ਪ੍ਰਤੀਸ਼ਤ ਅੰਤਰਿਮ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ‘ਚ ਕਿਸਾਨ ਕਰਜ਼ਾ ਮੁਆਫ਼ੀ ਲਈ ਰੱਖੇ 3000 ਕਰੋੜ ‘ਚੋਂ ਤਿੰਨ ਰੁਪਏ ਵੀ ਖ਼ਰਚ ਨਹੀਂ ਕੀਤੇ ਗਏ, ਜਦਕਿ ਇਸ ਵਾਰ ਇਹ 2000 ਕਰੋੜ ਤੱਕ ਸੀਮਿਤ ਕਰਕੇ ਇਸ ‘ਚ 520 ਕਰੋੜ ਮਜ਼ਦੂਰਾਂ ਦਾ ਵੀ ਜੋੜ ਕੇ ਐਲਾਨਿਆ ਗਿਆ ਹੈ, ਜਿਸ ਕਾਰਨ ਕਿਸਾਨ, ਮਜ਼ਦੂਰ ਤੇ ਖੇਤੀ ਮਾਹਿਰ ਸਭ ਨਿਰਾਸ਼ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਪਿਛਲੇ ਸਾਲ ਦੇ ਬਜਟ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਵਿਭਾਗਾਂ ਲਈ ਜਿੰਨਾ ਬਜਟ ਰੱਖਿਆ ਗਿਆ ਸੀ, ਕਿਸੇ ਵੀ ਵਿਭਾਗ ‘ਚ ਉਸ ਨੂੰ ਪੂਰਾ ਖ਼ਰਚ ਨਹੀਂ ਕੀਤਾ ਗਿਆ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੇ ਸਾਲ ਦੇ ਬਜਟ ਅਨੁਮਾਨ ਮੁਕਾਬਲੇ ਇਸ ਸਾਲ ਖ਼ਰਚ ਅਤੇ ਆਮਦਨ ਦੋਵਾਂ ਦੇ ਅਨੁਮਾਨ ਘੱਟ ਹਨ, ਜਿਸ ਕਰਕੇ ਇਸ ਨੂੰ ਕਿਸੇ ਵੀ ਪੱਖ ਤੋਂ ਵਿਕਾਸ ਮੁਖੀ ਬਜਟ ਨਹੀਂ ਕਿਹਾ ਜਾ ਸਕਦਾ।
ਇਸ ਮੌਕੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿਛਲੇ ਬਜਟ ‘ਚ ਕਿਸ਼ੋਰ ਲੜਕੀਆਂ ਲਈ ਸੈਨੇਟਰੀ ਨੈਪਕਿਨਜ਼ ਦੇ ਰੱਖੇ ਪੈਸੇ ਦਾ ਹਿਸਾਬ ਮੰਗਦੇ ਹੋਏ ਕਿਹਾ ਕਿ ਇਹ ਪੈਸਾ ਕਿਥੇ ਖੁਰਦ-ਬੁਰਦ ਕਰ ਦਿੱਤਾ। ਇਸੇ ਤਰ੍ਹਾਂ ਇਸ ਬਜਟ ‘ਚ ਮਾਤਾ ਤ੍ਰਿਪਤ ਜੀ ਭਲਾਈ ਸਕੀਮ ਅਤੇ ਕਸਤੂਰਬਾ ਗਾਂਧੀ ਭਲਾਈ ਯੋਜਨਾ ‘ਚ ਇਕ ਰੁਪਏ ਵੀ ਨਾ ਰੱਖ ਕੇ ਸਰਕਾਰ ਨੇ ਔਰਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਲੜਕੀਆਂ ਨੂੰ ਪੀਐਚਡੀ ਤੱਕ ਪੜਾਈ ਮੁਫਤ ਦੇਣੀ ਸੀ, ਪਰੰਤੂ ਹੁਣ 12ਵੀਂ ਤੱਕ ਹੀ ਅਟਕ ਗਈ ਅਤੇ ਪ੍ਰੀਖਿਆ ਫੀਸਾਂ ਵੀ ਵਸੂਲ ਰਹੀ ਹੈ।