ਸੰਗਰੂਰ : ਜਿਸ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਤੋਂ ਬਾਗੀ ਸੁਰਾਂ ਅਪਣਾਈਆਂ ਹਨ ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਢੀਂਡਸਾ ਪਿਓ ਪੁੱਤਰ ਇੱਕ ਦੂਜੇ ਵਿਰੁੱਧ ਸਿਆਸੀ ਬਿਆਨਬਾਜੀਆਂ ਕਰ ਰਹੇ ਹਨ। ਇਸ ਦੇ ਚਲਦਿਆਂ ਅੱਜ ਇਕ ਵਾਰ ਫਿਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਤਿੱਖੀ ਬਿਆਨਬਾਜੀ ਕੀਤੀ ਹੈ। ਦਰਅਸਲ ਛੋਟੇ ਬਾਦਲ ਇੱਥੇ ਲੌਂਗੋਵਾਲ ਪਿੰਡ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਪਹਿਲਾਂ ਤਾਂ ਸੱਤਾਧਾਰੀ ਕੈਪਟਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਲੋਕਾਂ ਅੰਦਰ ਕੈਪਟਨ ਸਰਕਾਰ ਵਿਰੁੱਧ ਗੁੱਸਾ ਹੈ। ਉਨ੍ਹਾਂ ਦੋਸ਼ ਲਾਇਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਦੇ ਮਨਾਂ ਅੰਦਰ ਇੱਕ ਉਮੀਦ ਜਗਾਈ ਸੀ। ਉਨ੍ਹਾਂ ਕਿਹਾ ਕਿ ਆਮ ਕੋਈ ਵੀ ਕਦੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਨਹੀਂ ਖਾਂਦਾ ਤੇ ਕੈਪਟਨ ਅਮਰਿੰਦਰ ਸਿੰਘ ਪਹਿਲਾ ਇਨਸਾਨ ਹੋਵੇਗਾ ਜਿਸ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਝੂਠੀ ਸਹੁੰ ਖਾਦੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਕਿਧਰੇ ਵੀ ਅਮਨ ਕਨੂੰਨ ਦੀ ਸਥਿਤੀ ਨਹੀਂ ਹੈ ਅਤੇ ਸਾਰੇ ਮੰਤਰੀ ਗੈਂਗਸਟਰਾਂ ਨਾਲ ਮਿਲੇ ਹੋਏ ਹਨ। ਇੱਥੇ ਹੀ ਉਨ੍ਹਾਂ ਢੀਂਡਸਿਆਂ ਬਾਰੇ ਬੋਲਦਿਆਂ ਕਿਹਾ ਕਿ ਉਹ ਟਕਸਾਲੀ ਨਹੀਂ ਬਲਕਿ ਜਾਅਲੀ ਹਨ।