ਸਿਵਲ ਸਰਜਨ ਹਸਪਤਾਲਾਂ ਵਿੱਚ ਵਾਤਾਵਰਣ ਸਬੰਧੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ: ਬਲਬੀਰ ਸਿੰਘ ਸਿੱਧੂ

TeamGlobalPunjab
3 Min Read

ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਸਿਹਤਮੰਦ, ਬਿਮਾਰੀ ਰਹਿਤ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਸਿਵਲ ਸਰਜਨਾਂ ਨੂੰ ਵਾਤਾਵਰਣ ਸਬੰਧੀ ਵੱਖ ਵੱਖ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਸਿਹਤ ਸੰਸਥਾਵਾਂ (ਸਰਕਾਰੀ ਜਾਂ ਪ੍ਰਾਇਵੇਟ) ਦੇ ਇੰਚਾਰਜ ਦੀ ਡਿਊਟੀ ਬਣਦੀ ਹੈ ਕਿ ਉਹ ਹਰ ਤਰ੍ਹਾਂ ਦੀ ਰਹਿੰਦ-ਖੂਹੰਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ 30 ਜੂਨ, 2020 ਤੱਕ ਈਟੀਪੀ (ਐਫਲੂਐਂਟ ਟਰੀਟਮੈਂਟ ਪਲਾਂਟ) ਸਥਾਪਤ ਕਰਨ ਦੇ ਨਿਰਦੇਸ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਫਲੂਐਂਟ ਟਰੀਟਮੈਂਟ ਪਲਾਂਟ ਲਗਾਉਣ ਸਬੰਧੀ ਗਤੀਵਿਧੀਆਂ ਲਈ ਸਿਵਲ ਸਰਜਨਾਂ ਨੂੰ ਪੀਈਆਰਟੀ (ਪ੍ਰੋਗਰਾਮ ਈਵੈਲੂਏਸ਼ਨ ਐਂਡ ਰੀਵਿਊ ਟੈਕਨੀਕਸ) ਜਮ੍ਹਾਂ ਕਰਵਾਉਣ ਦੇ ਨਿਰਦੇਸ ਵੀ ਦਿੱਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਜਲਦ ਹੀ ਵਾਟਰ ਮੀਟਰ ਵੀ ਲਗਾਏ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਇਵੇਟ ਹਪਤਾਲਾਂ ਦੀ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਰਤੇ ਗਏ ਪਾਣੀ ਅਤੇ ਹਰ ਤਰ੍ਹਾਂ ਦੀ ਬਾਇਓਮੈਡੀਕਲ ਰਹਿੰਦ-ਖੁਹੰਦ ਦੀ ਢੁੱਕਵੇਂ ਅਤੇ ਵਿਗਿਆਨਿਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਤਾਂ ਜੋ ਇਨਸਾਨਾਂ ਤੇ ਵਾਤਾਵਰਣ ‘ਤੇ ਕੋਈ ਮਾੜੇ ਪ੍ਰਭਾਵ ਨਾ ਪਵੇ।
ਕੈਬਿਨਟ ਮੰਤਰੀ ਨੇ ਅੱਗੇ ਕਿਹਾ ਕਿ ਈਟੀਪੀ ਲਗਾਉਣ ਸਬੰਧੀ ਸਾਰੀਆਂ ਗਤੀਵਿਧੀਆਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੂਪਰੇਖਾ ਉਲੀਕੀ ਜਾਵੇਗੀ ਅਤੇ ਸਬੰਧਤ ਸਿਵਲ ਸਰਜਨ ਆਪਣੀ ਨਿਗਰਾਨੀ ਅਧੀਨ ਇਹਨਾਂ ਈਟੀਪੀ ਪਲਾਂਟਾਂ ਨੂੰ ਸਥਾਪਤ ਕਰਨਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸਬੰਧਤ ਵਿਭਾਗ ਤੋਂ ਵਾਤਾਵਰਣ ਸਬੰਧੀ ਜਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨੀਆਂ ਹੋਣਗੀਆਂ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿਹਤ ਸੰਸਥਾ ਦੇ ਇੰਚਾਰਜ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਸਿਵਲ ਸਰਜਨਾ ਨੂੰ 7 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਰਿਪੋਰਟ ਜਮਾਂ ਕਰਵਾਉਣ ਦੇ ਨਿਰਦੇਸ ਦਿੱਤੇ ਹਨ।
ਸਿੱਧੂ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਧਿਕਾਰੀ ਯਕੀਨੀ ਬਣਾਉਣ ਕਿ ਸਾਰੀ ਪਲਾਸਟਿਕ ਰਹਿੰਦ ਖੂਹੰਦ ਨੂੰ ਕੱਟ ਕੇ ਇਸਨੂੰ ਕਾਮਨ ਬਾਇਓਮੈਡੀਕਲ ਵੇਸਟ ਟਰੀਟਮੈਂਟ ਫੈਸਿਲਟੀ ਨੂੰ ਦੇਣ ਤਾਂ ਜੋ ਕਿਸੇ ਵੀ ਤਰੀਕੇ ਨਾਲ ਇਸ ਦੀ ਗੈਰ ਕਾਨੂੰਨੀ ਤੌਰ ‘ਤੇ ਮੁੜ ਵਰਤੋਂ ਨਾ ਕੀਤੀ ਜਾ ਸਕੇ।
ਕਾਗਜ਼ਾਂ ਦੀ ਵੱਧ ਵਰਤੋਂ ਅਤੇ ਦਫਤਰਾਂ ਵਿਚ ਕਾਗਜਾਂ ਦੀ ਬਰਬਾਦੀ ਨੂੰ ਘਟਾਉਣ ਲਈ, ਸਿਹਤ ਮੰਤਰੀ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਸਾਰੇ ਸਰਕਾਰੀ ਹਸਪਤਾਲਾਂ ਨੂੰ ਕਾਗਜ਼ ਨੂੰ ਦੋਵਾਂ ਪਾਸਿਆਂ ਤੋਂ ਵਰਤਣ ਦੀ ਹਦਾਇਤ ਜਾਰੀ ਕਰਨ ਲਈ ਵੀ ਕਿਹਾ।

Share This Article
Leave a Comment