ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਬਜਟ ਇਜਲਾਸ ਦਾ ਐਲਾਨ ਹੋ ਗਿਆ ਹੈ। ਇਹ ਇਜਲਾਸ 20 ਫਰਵਰੀ ਵਾਲੇ ਦਿਨ ਸ਼ੁਰੂ ਹੋ ਗਈ ਹੋਵੇਗਾ ਅਤੇ ਇਸ ਦਿਨ ਹੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਿਕ ਇਸ ਦਿਨ ਦਾ ਇਜਲਾਸ ਹੀ ਗੈਰ ਸਰਕਾਰੀ ਵਪਾਰ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਬਾਅਦ 21, 22 ਅਤੇ 23 ਤਾਰੀਖ ਦੀ ਛੁੱਟੀ ਹੈ ਜਿਸ ਕਾਰਨ ਕਾਰਵਾਈ ਨਹੀਂ ਹੋਵੇਗੀ। ਇਸ ਤੋਂ ਬਾਅਦ 25 ਫਰਵਰੀ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 2020 ਅਤੇ 21 ਲਈ ਬਜ਼ਟ ਪੇਸ਼ ਕਰਨਗੇ। ਇਸ ਤੋਂ ਬਾਅਦ 26 ਫਰਵਰੀ ਵਾਲੇ ਦਿਨ ਪੇਸ ਕੀਤੇ ਪ੍ਰਸਤਾਵਾਂ ‘ਤੇ ਬਹਿਸ ਹੋਵੇਗੀ। 27 ਫਰਵਰੀ ਨੂੰ ਗੈਰ ਸਰਕਾਰੀ ਕੰਮਾਂ ਲਈ ਨਿਰਧਾਰਿਤ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਬਜਟ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਸਪੀਕਰ ਅੱਗੇ ਮੰਗ ਰੱਖਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਮਸਲਿਆਂ ‘ਤੇ ਚਰਚਾ ਕਰਨ ਲਈ ਇਸ ਦਾ ਸਮਾਂ ਵਧਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸੱਤਾਧਾਰੀ ਕਾਂਗਰਸ ‘ਤੇ ਹੱਲਾ ਬੋਲਦਿਆਂ ਕਿਹਾ ਕਿ ਸੂਬੇ ਅੰਦਰ ਬਿਜਲੀ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਇਜਲਾਸ ਦੌਰਾਨ ਬਿਜਲੀ ਦਰਾਂ ਦਾ ਮੁੱਦਾ ਅਹਿਮ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਅੰਦਰ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਕਾਰਨ ਅੱਜ ਸੂਬੇ ਅੰਦਰ ਖੁਦਕੁਸ਼ੀਆਂ ਦੀ ਗਿਣਤੀ ਵਧ ਗਈ ਹੈ ਅਤੇ ਨੌਜਵਾਨਾਂ ਨੂੰ ਨਵੀਂਆਂ ਨੌਕਰੀਆਂ ਤਾਂ ਕੀ ਦੇਣੀਆਂ ਸਨ ਬਲਕਿ ਜਿਹੜੇ ਕੰਮ ਅਕਾਲੀ ਭਾਜਪਾ ਸਰਕਾਰ ਦੁਬਾਰਾ ਕਰਵਾਏ ਗਏ ਸਨ ਉਹ ਵੀ ਰੁਕਵਾ ਦਿੱਤੇ ਗਏ ਹਨ।