ਬਠਿੰਡਾ: ਇੱਥੋਂ ਦੇ ਪਿੰਡ ਥੰਮਣਗੜ੍ਹ ਵਿੱਚ ਚੱਲ ਰਹੇ ਕ੍ਰਿਕਟ ਮੈਚ ਦੌਰਾਨ ਕਾਂਗਰਸੀ ਆਗੂ ਦਾ ਉਸ ਦੇ ਚਚੇਰੇ ਭਰਾ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਾਂਗਰਸੀ ਆਗੂ ਤਰੁਣਪਾਲ ਸਿੰਘ ਨੇ ਵੀ ਆਪਣੇ ਬਚਾਅ ਵਿੱਚ ਮੁਲਜ਼ਮ ਗੁਰਜੀਤ ਸਿੰਘ ਤੇ ਇੱਕ ਗੋਲੀ ਚਲਾਈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਥਾਣਾ ਮੌੜ ਪੁਲਿਸ ਨੇ ਕਾਂਗਰਸੀ ਆਗੂ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨ ‘ਤੇ ਮੁਲਜ਼ਮ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦਾ ਭਰਾ ਤਰੁਣਪਾਲ ਸਿੰਘ ਮੈਚ ਕਰਵਾ ਰਿਹਾ ਸੀ। ਇਸ ਦੌਰਾਨ ਗੁਰਜੀਤ ਸਿੰਘ ਆਪਣੇ ਸਾਥੀਆਂ ਸਣੇ ਹੋਂਡਾ ਸਿਟੀ ਗੱਡੀ ‘ਤੇ ਆਇਆ ਤੇ ਉਸ ਦੇ ਭਰਾ ਦੀ ਛਾਤੀ ‘ਚ ਸਿੱਧੀ ਗੋਲੀ ਮਾਰੀ।
ਗੋਲੀ ਲੱਗਣ ਨਾਲ ਉਨ੍ਹਾਂ ਦਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੁਲਜ਼ਮ ਨੇ ਦੂਜੀ ਗੋਲੀ ਮਾਰੀ ਪਰ ਉਸ ਨੂੰ ਨਹੀਂ ਲੱਗੀ ਤੇ ਉਹ ਹਵਾਈ ਫਾਇਰ ਕਰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਮੈਦਾਨ ਵਿੱਚ ਖੂਨ ਨਾਲ ਲੱਥਪਥ ਕਾਂਗਰਸੀ ਆਗੂ ਨੂੰ ਇਲਾਜ ਲਈ ਜਦੋਂ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਮਿ੍ਤਕ ਦੇ ਭਰਾ ਮਨਜਿੰਦਰ ਸਿੰਘ ਦੇ ਅਨੁਸਾਰ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਉਨ੍ਹਾਂ ਦੇ ਭਰਾ ਤਰੁਣਪਾਲ ਸਿੰਘ ਦੀ ਮੁਲਜ਼ਮ ਚਚੇਰੇ ਭਰਾ ਗੁਰਜੀਤ ਸਿੰਘ ਨਾਲ ਰੰਜਿਸ਼ ਚੱਲ ਰਹੀ ਸੀ।
ਥਾਣਾ ਮੌੜ ਦੇ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਗੁਰਜੀਤ ਸਿੰਘ ‘ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਉਸ ਨੂੰ ਵੀ ਇੱਕ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਉਸ ਦੇ ਠੀਕ ਹੁੰਦੇ ਹੀ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।