ਚੰਡੀਗੜ੍ਹ: ਇਥੋਂ ਦੇ ਸੈਕਟਰ 46 ਸਥਿਤ ਉੱਤਮ ਰੈਸਟੋਰੈਂਟ ਵਿੱਚ ਗਲੋਬਲ ਪੰਜਾਬ ਫਾਊਂਡੇਸ਼ਨ, ਪਟਿਆਲਾ ਵਲੋਂ ਰਾਈਟਰਜ਼ ਕਲੱਬ, ਚੰਡੀਗੜ੍ਹ ਦੇ ਸਹਿਯੋਗ ਨਾਲ ਤਿੰਨ ਅੰਤਰਰਾਸ਼ਟਰੀ ਸਾਹਿਤਕ ਅਤੇ ਪੱਤਰਕਾਰੀ ਦੀਆਂ ਸਖਸ਼ੀਅਤਾਂ ਦਾ ਇਕ ਸਨਮਾਨ ਸਮਾਗਮ ਕਰਵਾਇਆ ਗਿਆ।
ਸਭ ਤੋਂ ਪਹਿਲਾਂ ਸ਼ਾਮ ਸਿੰਘ ਅੰਗ-ਸੰਗ ਨੇ ਅੰਤਰਰਾਸ਼ਟਰੀ ਪੱਤਰਕਾਰ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ, ਉਘੇ ਸਾਹਿਤਕਾਰ ਕੇਹਰ ਸ਼ਰੀਫ ਅਤੇ ਟੋਰਾਂਟੋ ਤੋਂ ਆਈ ਲੇਖਿਕਾ ਪ੍ਰੀਤ ਗਿੱਲ ਦਾ ਸਵਾਗਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਆਰ ਡੀ ਕੈਲ਼ੇ ਵੱਲੋਂ ਪੇਸ਼ ਕੀਤੇ ਗੀਤ ਅਤੇ ਗ਼ਜ਼ਲਾਂ ਨਾਲ ਹੋਈ। ਇਸ ਤੋਂ ਬਾਅਦ ਗਲੋਬਲ ਪੰਜਾਬ ਫਾਊਂਡੇਸ਼ਨ, ਪਟਿਆਲਾ ਦੇ ਮੁਖੀ ਡਾ ਹਰਜਿੰਦਰ ਸਿੰਘ ਵਾਲੀਆ ਅਤੇ ਸ਼ਾਮ ਸਿੰਘ ਨੇ ਨਰਪਾਲ ਸਿੰਘ ਸ਼ੇਰਗਿੱਲ, ਕੇਹਰ ਸ਼ਰੀਫ ਅਤੇ ਪ੍ਰੀਤ ਗਿੱਲ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਵੱਲੋਂ ਪਾਏ ਯੋਗਦਾਨ ਬਾਰੇ ਜਾਣ ਪਛਾਣ ਕਾਰਵਾਈ। ਇਸ ਤੋਂ ਬਾਅਦ ਸ਼ਖਸ਼ੀਅਤਾਂ ਦਾ ਮੋਮੈਂਟੋ ਭੇਟ ਕਰਕੇ ਸਨਮਾਨ ਕੀਤਾ ਗਿਆ। ਉਘੀ ਕਵਿਤਰੀ ਮਨਜੀਤ ਇੰਦਰਾ ਨੇ ਵੀ ਸ਼ਖਸ਼ੀਅਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦਾ ਸੰਚਾਲਨ ਅਵਤਾਰ ਸਿੰਘ ਭੰਵਰਾ ਨੇ ਕੀਤਾ।
ਇਸ ਤੋਂ ਬਾਅਦ ਨਰਪਾਲ ਸ਼ੇਰਗਿੱਲ ਨੇ ਆਪਣੇ ਪੱਤਰਕਾਰੀ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੰਡਨ ਰਹਿੰਦਿਆਂ ਆਪਣੀ ਪੰਜਾਬੀ ਜ਼ੁਬਾਨ ਵਿਚ ਲਿਖਣਾ ਬੰਦ ਨਹੀਂ ਕੀਤਾ ਸਗੋਂ ਵਿਦੇਸ਼ਾਂ ਦੇ ਸੱਭਿਆਚਾਰ ਬਾਰੇ ਪੰਜਾਬ ਦੀਆਂ ਅਖਬਾਰਾਂ ਵਿੱਚ ਲਗਾਤਾਰ ਕਾਲਮ ਲਿਖਦੇ ਰਹੇ। ਕੇਹਰ ਸ਼ਰੀਫ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਆਲੋਚਨਾ ਨਾਂ ਦੀ ਚੀਜ਼ ਨਹੀਂ ਹੈ, ਸਗੋਂ ਧੜਿਆਂ ਦੇ ਹਿਸਾਬ ਨਾਲ ਨਿੰਦਾ ਜਾਂ ਪ੍ਰਸ਼ੰਸਾ ਦਾ ਚਲਣ ਹੈ। ਪ੍ਰੀਤ ਗਿੱਲ ਨੇ ਆਪਣੇ ਅਧਿਆਪਨ, ਐਂਕਰ ਦੇ ਕਾਰਜ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਦੀ ਵਿਸਥਾਰ ਸਹਿਤ ਚਰਚਾ ਕੀਤੀ। ਰਾਈਟਰਜ਼ ਕਲੱਬ, ਚੰਡੀਗੜ੍ਹ ਦੇ ਕਨਵੀਨਰ ਬਲਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਦਰਸ਼ਨ ਤਿਉਣਾ ਨੇ ਇਕ ਖੂਬਸੂਰਤ ਨਜ਼ਮ ਪੇਸ਼ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਔਲਖ, ਸੀਨੀਅਰ ਵਕੀਲ ਪਰਮਿੰਦਰ ਸਿੰਘ ਗਿੱਲ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਤੇਜਾ ਸਿੰਘ ਥੂਹਾ, ਦਰਸ਼ਨ ਸਿੰਘ ਸਿੱਧੂ, ਸਤਵੀਰ ਕੌਰ, ਪ੍ਰੀਤ ਪ੍ਰੀਤਮਾ, ਬੀ ਡੀ ਠਾਕੁਰ, ਸਿਮਰਜੀਤ ਕੌਰ ਗਰੇਵਾਲ, ਗੋਪਾਲ ਸਿੰਘ ਸਿੱਧੂ, ਸੁਖਦੇਵ ਸਿੰਘ, ਡਾ ਲਾਭ ਸਿੰਘ ਖੀਵਾ, ਬਲਕਾਰ ਸਿੱਧੂ, ਹਰਬੰਸ ਸਿੰਘ ਸੋਢੀ, ਕਿਰਨਦੀਪ ਔਲਖ, ਯੋਗ ਰਾਜ ਸਿੱਡਾ, ਸਰਦਾਰਾ ਸਿੰਘ ਚੀਮਾ, ਗੁਰਮੀਤ ਸਿੰਘ ਸਿੰਘਲ, ਕਸ਼ਮੀਰ ਕੌਰ ਸੰਧੂ ਅਤੇ ਵੱਡੀ ਗਿਣਤੀ ਸਾਹਿਤਕਾਰਾਂ ਨੇ ਹਾਜ਼ਰੀ ਭਰੀ।