ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਸ਼ਵ ਬੈਂਕ ਵੱਲੋਂ ਪ੍ਰਾਯੋਜਿਤ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਐਨ ਏ ਐਚ ਈ ਪੀ-ਕਾਸਟ ਦੀ ਸਹਾਇਤਾ ਨਾਲ ‘ਟਿਕਾਊ ਕੁਦਰਤੀ ਸਰੋਤ ਪ੍ਰਬੰਧਨ’ ਪ੍ਰੋਜੈਕਟ ਤਹਿਤ 8 ਰੋਜ਼ਾ ਹੱਥੀਂ-ਸਿਖਲਾਈ ਵਰਕਸ਼ਾਪ ਆਰੰਭ ਹੋਈ। ਭੂਮੀ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਵਰਕਸ਼ਾਪ ਦਾ ਸਿਰਲੇਖ ‘ਮਿੱਟੀ ਦੀ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਦੀ ਜਾਂਚ ਦੇ ਤਰੀਕੇ’ ਰੱਖਿਆ ਗਿਆ ਹੈ। ਇਸ ਦਾ ਉਦਘਾਟਨ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਇੱਕ ਭਰਵੇਂ ਸੈਸ਼ਨ ਨਾਲ ਕੀਤਾ। ਡਾ. ਸਾਂਘਾ ਨੇ ਮਿੱਟੀ ਵਿਚਲੀ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਵਾਤਾਵਰਨ ਪੱਖੀ ਖੇਤੀ ਨੂੰ ਸਮੇਂ ਦੀ ਲੋੜ ਕਿਹਾ ਅਤੇ ਨਾਲ ਹੀ ਪੀ.ਏ.ਯੂ. ਵੱਲੋਂ ਇਸ ਸੰਬੰਧ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਡਾ. ਸਾਂਘਾ ਨੇ ਕਿਹਾ ਕਿ ਇਹ ਵਰਕਸ਼ਾਪ ਸੰਬੰਧਿਤ ਵਿਸ਼ਾ ਮਾਹਿਰਾਂ ਦੇ ਗਿਆਨ ਵਿੱਚ ਜ਼ਿਕਰਯੋਗ ਵਾਧਾ ਕਰਨ ਵਿੱਚ ਸਫ਼ਲ ਰਹੇਗੀ।
ਕਾਸਟ ਪ੍ਰੋਜੈਕਟ ਦੇ ਮੁੱਖ ਨਿਰੀਖਕ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਇਸ ਵਰਕਸ਼ਾਪ ਵਿੱਚ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ। ਡਾ. ਚੌਧਰੀ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਲੋੜ ਬਾਰੇ ਵਿਚਾਰ ਪੇਸ਼ ਕਰਦਿਆਂ ਭੂਮੀ ਦੇ ਜੈਵਿਕ ਮਾਦੇ ਅਤੇ ਮਿੱਟੀ ਦੀ ਕਾਰਬਨ ਦੀ ਪਰਖ ਤਕਨੀਕ ਬਾਰੇ ਰਸਾਇਣਕ ਅਤੇ ਜੀਵ ਵਿਗਿਆਨਕ ਪੱਖ ਤੋਂ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਵਾਤਾਵਰਨ ਦੀ ਤਬਦੀਲੀ ਦੇ ਪ੍ਰਭਾਵ ਘੱਟ ਕਰਨ ਅਤੇ ਗਰੀਨ ਹਾਊਸ ਗੈਸਾਂ ਬਾਰੇ ਵੱਖ-ਵੱਖ ਅਧਿਐਨਾਂ ਦੌਰਾਨ ਜੋ ਤਕਨੀਕਾਂ ਸਾਹਮਣੇ ਆਈਆਂ ਹਨ। ਉਹਨਾਂ ਦੀ ਸਿਖਲਾਈ ਸਿਖਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਦਿੱਤੀ ਜਾਵੇਗੀ।
ਪਹਿਲੇ ਦਿਨ ਆਈ ਸੀ ਏ ਆਰ ਦੇ ਸਾਬਕਾ ਰਾਸ਼ਟਰੀ ਪ੍ਰੋਫੈਸਰ ਡਾ. ਡੀ ਕੇ ਬੇਂਬੀ ਨੇ ਮਿੱਟੀ ਦੀ ਕਾਰਬਨ ਦੇ ਮਾਪ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਗੱਲ ਕੀਤੀ। ਇਸ ਵਰਕਸ਼ਾਪ ਵਿੱਚ ਡੈਲੀਗੇਟਾਂ ਵਜੋਂ ਵੱਖ-ਵੱਖ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਦੇ ਵਿਗਿਆਨੀ ਅਤੇ ਖੋਜਾਰਥੀ ਸ਼ਾਮਿਲ ਹੋ ਰਹੇ ਹਨ। ਅੱਠ ਦਿਨਾਂ ਦਾ ਇਹ ਸਿਖਲਾਈ ਪ੍ਰੋਗਰਾਮ ਕਈ ਸੈਸ਼ਨਾਂ ਵਿੱਚ ਵੰਡਿਆ ਹੋਇਆ ਹੈ।
ਇਹਨਾਂ ਸੈਸ਼ਨਾਂ ਵਿੱਚ ਭੂਮੀ ਦੀ ਕਾਰਬਨ ਅਤੇ ਗਰੀਨ ਹਾਊਸ ਗੈਸਾਂ ਦੀ ਸਥਿਤੀ ਬਾਰੇ ਵੱਖੋ ਵੱਖਰੇ ਨੁਕਤਿਆਂ ਤੋਂ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਐਨ ਏ ਐਚ ਈ ਪੀ-ਕਾਸਟ ਦੀ ਵੈਬਸਾਈਟ ਦਾ ਆਰੰਭਕ ਸੈਸ਼ਨ ਵਿੱਚ ਉਦਘਾਟਨ ਕੀਤਾ ਗਿਆ। ਅੰਤ ਵਿੱਚ ਡਾ. ਜੀ ਐਸ ਢੇਰੀ ਨੇ ਧੰਨਵਾਦ ਦੇ ਸ਼ਬਦ ਕਹੇ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਮਿੱਟੀ ਦੀ ਕਾਰਬਨ ਦੀ ਜਾਂਚ ਦੇ ਤਰੀਕਿਆਂ ਬਾਰੇ ਸਿਖਲਾਈ ਵਰਕਸ਼ਾਪ
Leave a Comment
Leave a Comment