ਚੰਡੀਗੜ੍ਹ: ਚੰਡੀਗੜ੍ਹ ਦੇ ਮਨੀਮਾਜਰਾ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਨੀਮਾਜਰਾ ਦੇ ਮਾੜੀਵਾਲਾ ਟਾਊਨ ‘ਚ ਮੰਗਲਵਾਰ ਸਵੇਰੇ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਡੀਐੱਸਪੀ ਦਿਲਸ਼ੇਰ ਸਿੰਘ ਅਤੇ ਐੱਸਐੱਚਓ ਜਸਵਿੰਦਰ ਕੌਰ ਪਹੁੰਚੀ। ਉਨ੍ਹਾਂ ਨੇ ਜ਼ਖਮੀ ਹਾਲਤ ‘ਚ ਮਹਿਲਾ ਨੂੰ ਪੀਜੀਆਈ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕਾ ਦੀ ਪਹਿਚਾਣ 42 ਸਾਲਾ ਮਨਜੀਤ ਕੌਰ ਵੱਜੋਂ ਹੋਈ ਹੈ ਤੇ ਦੋਸ਼ੀ ਪਤੀ ਦੀ ਪਹਿਚਾਣ 45 ਸਾਲ ਦੇ ਜਰਨੈਲ ਸਿੰਘ ਦੇ ਰੂਪ ਵਿੱਚ ਹੋਈ ।
ਜਾਣਕਾਰੀ ਮੁਤਾਬਕ ਮਨੀਮਾਜਰਾ ਦੇ ਮਾੜੀਵਾਲਾ ਟਾਊਨ ਦੇ ਨੰਬਰ 2476 ਵਿੱਚ ਮ੍ਰਿਤਕਾ 42 ਸਾਲਾ ਮਨਜੀਤ ਕੌਰ ਆਪਣੇ ਪਤੀ ਜਰਨੈਲ ਸਿੰਘ ਅਤੇ 3 ਬੱਚਿਆਂ ਦੇ ਨਾਲ ਗਰਾਊਂਡ ਫਲੋਰ ‘ਤੇ ਰਹਿੰਦੀ ਸੀ। ਮ੍ਰਿਤਕਾ ਦੀ ਵੱਡੀ ਧੀ ਵਿਆਹੀ ਹੋਈ ਹੈ ਉਸ ਦੇ ਦੋ ਬੱਚੇ ਹੋਰ ਨਾਲ ਰਹਿ ਰਹੇ ਸਨ।
ਮਨੀਮਾਜਰਾ ਥਾਣਾ ਪੁਲਿਸ ਦੇ ਮੁਤਾਬਕ ਮੰਗਲਵਾਰ ਸਵੇਰੇ 4 : 30 ਵਜੇ ਦੇ ਲਗਭਗ ਮ੍ਰਿਤਕਾ ਦੀ ਧੀ ਨੇ ਪੁਲਿਸ ਕੰਟਰੋਲ ਰੂਮ ‘ਤੇ ਕਾਲ ਕਰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੀਸੀਆਰ ਨੇ ਬੁਰੀ ਤਰ੍ਹਾਂ ਜਖ਼ਮੀ ਮਨਜੀਤ ਕੌਰ ਨੂੰ ਤੁਰੰਤ ਪੀਜੀਆਈ ਵਿੱਚ ਦਾਖਲ ਕਰਵਾਇਆ ਜਿੱਥੇ ਉਸਨੇ ਦਮ ਤੋੜ ਦਿੱਤਾ ।
ਉਥੇ ਹੀ ਕਤਲ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮਨੀਮਾਜਰਾ ਥਾਨਾ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾ ‘ਤੇ ਮੁਲਜ਼ਮ ਜਰਨੈਲ ਸਿੰਘ ਦੇ ਖਿਲਾਫ ਕਤਲ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।