ਬਠਿੰਡਾ: ਤੇਜ਼ਾਬ ਦੇ ਹਮਲੇ ਦਾ ਸ਼ਿਕਾਰ ਹੋਈ ਦਿੱਲੀ ਦੀ ਇੱਕ ਕੁੜੀ ‘ਤੇ ਹਾਲ ਹੀ ‘ਚ ਛਪਾਕ ਫਿਲਮ ਬਣੀ ਹੈ ਜਿਸ ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ।ਪਰ ਬਠਿੰਡਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਿਸ ‘ਤੇ 2011 ‘ਚ ਤੇਜਾਬ ਨਾਲ ਹਮਲਾ ਕੀਤਾ ਗਿਆ ਸੀ ਜਿਸ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹਾਰ ਕੇ ਹੁਣ ਪੀੜਤਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਅਮਨਦੀਪ ਨੇ ਦੱਸਿਆ ਕਿ ਉਸ ‘ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲਾ ਕੋਈ ਹੋਰ ਨਹੀ ਬਲਕਿ ਉਸਦਾ ਜੀਜਾ ਹੀ ਸੀ। ਪੀੜਤਾ ਮੁਤਾਬਕ ਉਸ ਦਾ ਜੀਜਾ ਆਏ ਦਿਨ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ। ਪੀੜਤ ਨਾਲ ਗ਼ਲਤ ਹਰਕਤਾਂ ਕਰਨ ਦੀ ਕੋਸ਼ੀਸ਼ ਕਰਦਾ ਸੀ ਜਿਸ ਦਾ ਵਿਰੋਧ ਕਰਨ ‘ਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਦੋਸ਼ੀ ਨੇ 40 ਤੋਂ 50 ਰੁਪਏ ਦੀ ਬੋਤਲ ਨਾਲ ਉਸ ਨੂੰ ਜ਼ਿੰਦਗੀ ਭਰ ਦੀ ਸਜ਼ਾ ਦਿੱਤੀ ਹੈ। ਹੁਣ ਤੱਕ 32 ਲੱਖ ਰੁਪਏ ਦੇ ਕਰੀਬ ਇਲਾਜ ਦੌਰਾਨ ਖਰਚਾ ਆ ਚੁੱਕਾ ਹੈ।
ਪੀੜਤ ਅਮਨਦੀਪ ਕੌਰ ਨੇ ਕਿਹਾ ਅਦਾਲਤਾਂ ਤੇ ਭਰੋਸਾ ਨਹੀਂ ਹੈ ਆਏ ਦਿਨ ਮਹਿਲਾਵਾਂ ਨਾਲ ਅਜਿਹਾ ਵਿਵਹਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਹਮਲਾ ਕਰਨ ਤੋਂ ਬਾਅਦ ਦੋਸ਼ੀ ਮੌਕੇ ‘ਤੇ ਮੌਜੂਦ ਪੀੜਤ ਦੀ ਦੇਖਭਾਲ ਕਰਦਾ ਰਿਹਾ ਤੇਪੁਲਿਸ ਨੂੰ ਇੱਕ ਮਹੀਨੇ ਤੱਕ ਉਸ ਖਿਲਾਫ ਕੋਈ ਸੁਰਾਗ ਨਹੀਂ ਮਿਲਿਆ ਸੀ। ਫਿਰ ਪਤਾ ਲੱਗਣ ‘ਤੇ ਦੋਸ਼ੀ ਨੂੰ ਕੁੱਝ ਹੀ ਮਹੀਨਿਆਂ ਦੀ ਕੈਦ ਹੋਈ ਅਤੇ ਉਹ ਬਰੀ ਵੀ ਹੋ ਗਿਆ ਪਰ ਉਸ ਦੇ ਚਿਹਰੇ ‘ਤੇ ਸਾਰੀ ਉਮਰ ਦਾ ਦਾਗ ਛੱਡ ਗਿਆ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਇਨਸਾਫ ਦੀ ਜੰਗ ਜਾਰੀ ਹੈ।
ਪੀੜਤ ਪਰਿਵਾਰ ਵੱਲੋਂ ਆਖਿਰਕਾਰ ਇਨਸਾਫ਼ ਦੇ ਲਈ ਹੁਣ ਹਾਈ ਕੋਰਟ ਵਿੱਚ ਕੇਸ ਲਗਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਮਨਦੀਪ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ।