ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਨਰਮੇ ਦੀਆਂ ਦੋ ਨਵੀਆਂ ਕਿਸਮਾਂ ਪੀ.ਏ.ਯੂ. ਬੀ ਟੀ-2 ਅਤੇ ਪੀ.ਏ.ਯੂ. ਬੀ ਟੀ-3 ਦੇਸ਼ ਦੇ ਉੱਤਰੀ ਜ਼ੋਨ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਹੈ ਵਿੱਚ ਕਾਸ਼ਤ ਲਈ ਪ੍ਰਵਾਨ ਕਰ ਲਈਆਂ ਗਈਆਂ ਹਨ। ਇਹਨਾਂ ਕਿਸਮਾਂ ਨੂੰ ਦਸੰਬਰ 2019 ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਬਾਗਬਾਨੀ ਅਤੇ ਫ਼ਸਲ ਵਿਕਾਸ ਦੇ ਉਪ ਨਿਰਦੇਸ਼ਕ ਜਨਰਲ ਡਾ. ਏ ਕੇ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਕਿਸਮ ਪਛਾਣ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਦੇਸ਼ ਦੇ ਉੱਤਰੀ ਜ਼ੋਨ ਵਿੱਚ ਬਿਜਾਈ ਲਈ ਪ੍ਰਵਾਨ ਕੀਤਾ ਗਿਆ।
ਪਬਲਿਕ ਖੇਤਰ ਦੀ ਕਿਸੇ ਵੀ ਸੰਸਥਾ ਵੱਲੋਂ ਵਿਕਸਿਤ ਕੀਤੀਆਂ ਅਤੇ ਪ੍ਰਵਾਨ ਹੋਣ ਵਾਲੀਆਂ ਇਹ ਦੋ ਹੀ ਕਿਸਮਾਂ ਹਨ। ਇਹਨਾਂ ਕਿਸਮਾਂ ਨੂੰ ਦੋ ਸਾਲ ਏ ਆਈ ਆਰ ਸੀ ਪੀ ਨਰਮੇ-ਕਪਾਹ ਦੇ ਪ੍ਰੋਜੈਕਟ ਅਧੀਨ ਉਤਰੀ ਭਾਰਤ ਦੇ ਪੰਜ ਕੇਂਦਰਾਂ ਵਿੱਚ ਪਰਖਿਆ ਗਿਆ। ਇਹਨਾਂ ਤਜਰਬਿਆਂ ਦੇ ਆਧਾਰ ‘ਤੇ ਪਹਿਲਾਂ ਤੋਂ ਸਿਫ਼ਾਰਸ਼ ਕੀਤੀ ਗੈਰ ਬੀ ਟੀ ਕਿਸਮ ਦੇ 2409 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੇ ਝਾੜ ਦੇ ਮੁਕਾਬਲੇ ਪੀ.ਏ.ਯੂ. ਬੀ ਟੀ-2 ਅਤੇ ਬੀ ਟੀ-3 ਨੇ ਕ੍ਰਮਵਾਰ 2905 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਅਤੇ 2840 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦਾ ਝਾੜ ਦਰਜ ਕਰਵਾਇਆ ਹੈ। ਦੋਵਾਂ ਕਿਸਮਾਂ ਵਿੱਚ ਟੀਂਡਿਆਂ ਦੇ ਕੀੜੇ ਅਤੇ ਨਰਮੇ ਦੀ ਪੱਤਾ ਮਰੋੜ ਬਿਮਾਰੀ ਦੇ ਨਾਲ-ਨਾਲ ਪੱਤਿਆਂ ਦੇ ਧੱਬਿਆਂ ਦੇ ਰੋਗ ਅਤੇ ਬੈਕਟੀਰੀਅਲ ਲੀਫ ਬਲਾਈਟ ਦਾ ਟਾਕਰਾ ਕਰਨ ਦੀ ਸਹਿਣ ਸ਼ਕਤੀ ਹੈ। ਇਹਨਾਂ ਕਿਸਮਾਂ ਦੇ ਵਿਕਾਸ ਨਾਲ ਸੰਬੰਧਤ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕਿਸਾਨ ਇਹਨਾਂ ਕਿਸਮਾਂ ਦੀ ਬੀਜ ਅਗਲੇ ਸਾਲ ਦੀ ਬਿਜਾਈ ਲਈ ਆਪ ਤਿਆਰ ਕਰਕੇ ਹਾਈਬ੍ਰਿਡ ਕਿਸਮਾਂ ਦੇ ਬੀਜਾਂ ਦੀ ਹਰ ਸਾਲ ਮਹਿੰਗੀ ਖਰੀਦ ਤੋਂ ਬਚ ਸਕਦੇ ਹਨ।