ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਜਲ ਯੋਜਨਾ ‘ਚ ਪੰਜਾਬ ਰਾਜ ਨੂੰ ਸ਼ਾਮਲ ਨਾ ਕਰਨ ‘ਤੇ ਡੂੰਘਾ ਰੋਸ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਦਿਨੀਂ ਅਟਲ ਭੂ-ਜਲ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੋਜਨਾ ਤਹਿਤ ਦੇਸ਼ ਦੇ ਮਹਾਰਾਸ਼ਟਰ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਰਨਾਟਕ ਜਿਹੇ 7 ਸੂਬਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਸੁਧਾਰਨ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਲਈ 6 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
ਸੰਧਵਾਂ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਡਾ ਹਿੱਸਾ ਪਾਉਣ ਵਾਲੇ ਸੂਬੇ ਪੰਜਾਬ ਨੂੰ ਇਸ ਯੋਜਨਾ ‘ਚ ਸ਼ਾਮਲ ਨਾ ਕਰਕੇ ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰੀ ਬੀਬੀ ਬਾਦਲ ਅਤੇ ਸੁਖਬੀਰ ਬਾਦਲ ਤੇ ਵਰ੍ਹਦਿਆਂ ਸੁਵਾਲ ਕੀਤਾ ਕਿ ਕੇਂਦਰ ਵਿੱਚ ਹਿੱਸੇਦਾਰੀ ਅਤੇ ਭਾਜਪਾ ਨਾਲ ਪਤੀ-ਪਤਨੀ ਦੇ ਸੰਬੰਧਾਂ ਵਾਲਾ ਰਾਗ ਅਲਾਪਣ ਵਾਲਾ ਬਾਦਲ ਪਰਿਵਾਰ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਸਲਾਮਤ ਰੱਖਣ ਲਈ ਪੰਜਾਬ ਦੀਆਂ ਹੱਕੀ ਮੰਗਾਂ ਸਬੰਧੀ ਕੇਂਦਰ ਕੋਲ ਮੂੰਹ ਬੰਦ ਕਰਕੇ ਬੈਠਾ ਰਹਿੰਦਾ ਹੈ ਅਤੇ ਕੇਂਦਰ ਦੇ ਹਰ ਜਾਇਜ਼ ਨਜਾਇਜ਼ ਫ਼ੈਸਲੇ ਦੇ ਹੱਕ ਵਿੱਚ ਵੋਟ ਭਗਤਾਂਉਦਾ ਹੈ ਅਤੇ ਪੰਜਾਬ ਆ ਕੇ ਫੋਕੀ ਅਖ਼ਬਾਰੀ ਬਿਆਨਬਾਜ਼ੀ ਰਾਹੀ ਪੰਜਾਬ ਵਾਸੀਆਂ ਨੂੰ ਭਰਮਾਉਣ ਦਾ ਯਤਨ ਕਰਦਾ ਰਹਿੰਦਾ ਹੈ।
ਸੰਧਵਾਂ ਨੇ ਕਿਹਾ ਕਿ ਪੰਜਾਬ ਵਿਚ ਸਿਰਫ਼ 27 ਫ਼ੀਸਦੀ ਰਕਬੇ ਨੂੰ ਨਹਿਰੀ ਪਾਣੀ ਮਿਲਦਾ ਹੈ। ਉਸ ਨਹਿਰੀ ਪਾਣੀ ਦਾ ਵੀ ਬਹੁਤ ਸਾਰਾ ਹਿੱਸਾ ਇੰਡਸਟਰੀਅਲ ਵੇਸਟਜ ਮਿਲਣ ਕਾਰਨ ਪ੍ਰਦੂਸ਼ਿਤ ਹੋ ਚੁੱਕਾ ਹੈ, ਜਦੋਂਕਿ 73 ਫ਼ੀਸਦੀ ਰਕਬੇ ਦੀ ਸਿੰਚਾਈ ਜ਼ਮੀਨ ਹੇਠਲੇ ਪਾਣੀ ਨਾਲ ਹੀ ਕੀਤੀ ਜਾਂਦੀ ਹੈ। ਪੰਜਾਬ ਵਿਚ 138 ਬਲਾਕਾਂ ਵਿਚੋਂ 110 ਬਲਾਕਾਂ ਵਿਚ ਪਾਣੀ ਖ਼ਤਰਨਾਕ ਹੱਦ ਤਕ ਹੇਠਾਂ ਜਾ ਚੁੱਕਾ ਹੈ ਅਤੇ ਸਰਕਾਰੀ ਰਿਪੋਰਟਾਂ ਵਿਚ ਇਨ੍ਹਾਂ ਬਲਾਕਾਂ ਨੂੰ ਨਾਜ਼ੁਕ ਜ਼ੋਨ ਵੱਜੋ ਦਰਸਾਇਆ ਗਿਆ ਹੈ। ਅਜਿਹੀ ਸੂਰਤ ਵਿੱਚ ਇਸ ਮਹੱਤਵਪੂਰਨ ਯੋਜਨਾਂ ‘ਚ ਪੰਜਾਬ ਨੂੰ ਬਾਹਰ ਰੱਖਣਾ ਬੇਹੱਦ ਮੰਦਭਾਗਾ ਵਰਤਾਰਾ ਹੈ, ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਪੰਜਾਬ ਸਰਕਾਰ ਨੂੰ ਵੀ ਆਪਣਾ ਪੱਖ ਚੰਗੀ ਤਰਾਂ ਪੇਸ਼ ਕਰਨਾ ਚਾਹੀਦਾ ਹੈ।
ਪੰਜਾਬ ਸਰਕਾਰ ਪਾਣੀਆਂ ਦੇ ਮੁੱਦੇ ‘ਤੇ ਐਨੀ ਗੈਰ ਗੰਭੀਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਪ੍ਰਦੂਸ਼ਣ ਅਤੇ ਪਾਣੀ ਸੰਕਟ ‘ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਸੀ ਪਰੰਤੂ ਉਨ੍ਹਾਂ ਅਜੇ ਤੱਕ ਮੀਟਿੰਗ ਨਹੀਂ ਬੁਲਾਈ।