ਬਿਆਸ: ਬਾਬਾ ਬਕਾਲਾ ਦੇ ਸੈਕਰੇਡ ਹਾਰਟ ਸਕੂਲ ਵਿੱਚ 8 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਸੋਮਵਾਰ ਨੂੰ ਭੜਕੇ ਲੋਕ ਸੜਕਾਂ ‘ਤੇ ਉੱਤਰ ਆਏ। ਲੋਕ ਸਵੇਰੇ ਹੀ ਸਕੂਲ ਦੇ ਬਾਹਰ ਇੱਕਠੇ ਹੋ ਗਏ ਤੇ ਧਰਨੇ ‘ਤੇ ਬੈਠ ਗਏ।
ਉੱਥੇ ਹੀ, ਕੁੱਝ ਲੋਕਾਂ ਨੇ ਜਲੰਧਰ – ਅੰਮ੍ਰਿਤਸਰ ਹਾਈਵੇਅ ਵੀ ਜਾਮ ਕਰ ਦਿੱਤਾ। ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀ-ਲੰਮੀ ਲਾਈਨਾਂ ਲੱਗ ਗਈਆਂ। ਲੋਕਾਂ ਦਾ ਦੋਸ਼ ਹੈ ਕਿ ਬਲਾਤਕਾਰ ਦੇ ਦੋਸ਼ੀ ਵਿਦਿਆਰਥੀ ‘ਤੇ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੂੰ ਸਕੂਲ ਮੈਨੇਜਮੇਂਟ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਘਟਨਾ ਸ਼ੁੱਕਰਵਾਰ ਦੀ ਹੈ ਮਾਮਲੇ ਅਨੁਸਾਰ ਥਾਣਾ ਬਿਆਸ ਸੈਕਰੇਡ ਹਾਰਟ ਸਕੂਲ ਦੇ ਦਸਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਨੇ ਦੂਜੀ ਜਮਾਤ ‘ਚ ਪੜ੍ਹਨ ਵਾਲੀ ਅੱਠ ਸਾਲਾ ਬੱਚੀ ਨਾਲ ਸਕੂਲ ਵਿੱਚ ਹੀ ਜਬਰ ਜਨਾਹ ਕੀਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੀੜਤ ਬੱਚੀ ਦੇ ਪਰਿਵਾਰ ਅਨੁਸਾਰ ਉਨ੍ਹਾਂ ਨੇ ਬੱਚੀ ਨੂੰ ਸਵੇਰੇ ਲਗਭਗ ਅੱਠ ਵਜੇ ਸਕੂਲ ਛੱਡਿਆ ਸੀ ਤੇ ਦੋ ਕੁ ਘੰਟੇ ਬਾਅਦ ਹੀ ਸਕੂਲ ਵਲੋਂ ਫੋਨ ‘ਤੇ ਉਨ੍ਹਾਂਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੀ ਬੱਚੀ ਰੋ ਰਹੀ ਹੈ। ਜਦੋਂ ਉਹ ਸਕੂਲ ਪੁੱਜੇ ਤਾਂ ਬੱਚੀ ਨੇ ਦੱਸਿਆ ਕਿ ਸਕੂਲ ਦੇ ਇੱਕ ਵਿਦਿਆਰਥੀ ਨੇ ਉਸ ਦੇ ਨਾਲ ਗੰਦੀ ਹਰਕਤ ਕੀਤਾ ਹੈ ਤੇ ਉਹ ਬੱਚੀ ਨੂੰ ਘਰ ਲੈ ਆਏ।
ਕੁੱਝ ਦੇਰ ਬਾਅਦ ਬੱਚੀ ਨੇ ਮਾਂ ਨੂੰ ਬਲਾਤਕਾਰ ਵਾਰੇ ਸਾਰੀ ਗੱਲ ਦੱਸ ਦਿੱਤੀ। ਪਹਿਲਾਂ ਸਕੂਲ ਪ੍ਰਬੰਧਨ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਬੱਚੀ ਦਾ ਪਰਿਵਾਰ ਮਾਮਲੇ ਨੂੰ ਪੁਲਿਸ ਤੱਕ ਲੈ ਗਿਆ। ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਲੜਕੇ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਭੇਜ ਦਿੱਤਾ।