ਜਲੰਧਰ: ਕੈਨੇਡਾ ਦੇ ਸ਼ਹਿਰ ਸਰੀ ‘ਚ 21 ਸਾਲਾ ਪੰਜਾਬੀ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਲੰਧਰ ਦੇ ਪਿੰਡ ਚਿੱਟੀ ਵਾਸੀ ਪ੍ਰਭਲੀਨ ਕੌਰ ਪੁੱਤਰੀ ਗੁਰਦਿਆਲ ਸਿੰਘ ਮਠਾੜੂ ਵਜੋਂ ਹੋਈ ਹੈ। ਪ੍ਰਭਲੀਨ 2016 ਵਿੱਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ ਜਿਸ ਤੋਂ ਬਾਅਦ ਉਹ ਪੜ੍ਹਾਈ ਖਤਮ ਕਰਕੇ ਸਰੀ ‘ਚ ਫੁੱਲ ਟਾਈਮ ਕੰਮ ਕਰ ਰਹੀ ਸੀ।
ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਨੂੰ ਬੀਤੇ ਦਿਨੀਂ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ 21 ਨਵੰਬਰ ਨੂੰ ਉਸ ਦੇ ਹੀ ਘਰ ਕਤਲ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਕਤਲ ਦੀ ਵਜ੍ਹਾ ਨਹੀਂ ਪਤਾ ਲੱਗ ਸਕੀ ਹੈ ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਉਨ੍ਹਾਂ ਦੀ ਮਾਤਾ ਜੀ ਵੀ ਉਨ੍ਹਾਂ ਨੂੰ ਕੈਨੇਡਾ ਦੋ ਵਾਰ ਮਿਲ ਕੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਭਲੀਨ ਦੇ ਦੋਸਤਾਂ ਨੇ ਦੱਸਿਆ ਹੈ ਪੁਲਿਸ ਨੇ ਉਸ ਦਾ ਘਰ ਸੀਲ ਕਰ ਦਿੱਤਾ ਹੈ।