ਜਲੰਧਰ: ਬੀਤੇ ਦਿਨੀਂ ਮੁੱਧਾ ਪਿੰਡ ‘ਚ ਇੱਕ ਦਿਨ ਪਹਿਲਾਂ ਇਟਲੀ ਤੋਂ ਆਏ 37 ਸਾਲਾ ਨੌਜਵਾਨ ਦੀ ਮੰਗਲਵਾਰ ਨੂੰ ਦੋਸਤ ਦੇ ਘਰ ਭੇਦਭਰੇ ਹਾਲਤਾਂ ‘ਚ ਮੌਤ ਹੋ ਗਈ। ਮ੍ਰਿਤ ਜਤਿੰਦਰ ਸਿੰਘ ਦੇ ਭਰਾ ਨੂੰ ਸ਼ੱਕ ਹੈ ਕਿ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਪੁਲਿਸ ਨੇ ਇਸ ਬਿਆਨ ਦੇ ਆਧਾਰ ‘ਤੇ ਜਤਿੰਦਰ ਦੇ ਦੋਸਤ ਹਰਦੀਪ ਸਿੰਘ ਸਣੇ ਦੋ ਲੋਕਾਂ ‘ਤੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਿੰਡ ਮੁੱਧਾ ਦੇ ਪਰਵਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਜਤਿੰਦਰ ਸਿੰਘ 11 ਨਵੰਬਰ ਨੂੰ ਇਟਲੀ ਤੋਂ ਪਰਤਿਆ ਸੀ। 15 ਦਿਨ ਬਾਅਦ ਉਸਨੇ ਆਪਣੀ ਪਤਨੀ ਤੇ ਧੀ ਨੂੰ ਨਾਲ ਲੈ ਕੇ ਇਟਲੀ ਜਾਣਾ ਸੀ। ਜਤਿੰਦਰ ਆਪਣੇ ਪਰਿਵਾਰ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਦੋਸਤ ਹਰਦੀਪ ਸਿੰਘ ਉਰਫ ਦੀਪੂ ਨੂੰ ਮਿਲਣ ਜਾ ਰਿਹਾ ਹੈ ।
ਕਾਫ਼ੀ ਦੇਰ ਬਾਅਦ ਜਦੋਂ ਜਤਿੰਦਰ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਦਾ ਭਰਾ ਪਵਿੰਦਰ ਉਸਦੇ ਦੋਸਤ ਘਰ ਪੁੱਜਿਆ ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਜਤਿੰਦਰ ਦੀ ਲਾਸ਼ ਬਿਸਤਰੇ ‘ਤੇ ਪਈ ਸੀ ਤੇ ਹਰਦੀਪ ਸਿੰਘ ਤੇ ਕੰਨੌਜ ਕੋਲ ਬੈਠੇ ਸਨ। 37 ਸਾਲਾ ਜਤਿੰਦਰ ਸਿੰਘ 12 ਸਾਲ ਤੋਂ ਇਟਲੀ ਵਿੱਚ ਸੀ ਅਤੇ ਦੋ-ਤਿੰਨ ਸਾਲ ਬਾਅਦ ਘਰ ਆਉਂਦਾ ਸੀ।
ਪਰਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਹਰਦੀਪ ਅਤੇ ਕੰਨੌਜ ਨੇ ਉਸ ਦੇ ਭਰਾ ਨੂੰ ਜ਼ਹਿਰ ਦੇ ਕੇ ਮਾਰਿਆ ਹੈ। ਪੁਲਿਸ ਦੋਵਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਥਾਣਾ ਸਦਰ ਮੁਖੀ ਸਿਕੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਨੁਸਾਰ ਜਤਿੰਦਰ ਦਾ ਸਰੀਰ ਨੀਲਾ ਪੈ ਚੁੱਕਿਆ ਸੀ। ਮੌਤ ਦੇ ਅਸਲੀ ਕਾਰਨ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਮਿਲਣ ‘ਤੇ ਹੀ ਪਤਾ ਚੱਲ ਪਾਏਗੀ।