ਚੰਡੀਗੜ੍ਹ: ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਅਮਰੀਕਾ ਅਤੇ ਯੂ.ਐੱਨ.ਓ. ਸਮੇਤ ਦੁਨੀਆ ਦੇ ਵੱਖ-ਵੱਖ ਮੁਲਕਾਂ ਅਤੇ ਲੋਕਾਂ ਨੇ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਨਾਲ ਦੋਹਾਂ ਮੁਲਕਾਂ ਵਿਚਕਾਰ ਅਮਨ ਅਤੇ ਬਲ ਭਾਵਨਾ ਵਾਲਾ ਮਾਹੌਲ ਬਣੇਗਾ ਪਰ ਭਾਰਤ ਵਿੱਚ ਹਾਕਮ ਧਿਰ ਭਾਜਪਾ ਦੇ ਅਜੇ ਵੀ ਕਈ ਅਜਿਹੇ ਆਗੂ ਹਨ ਜਿਹੜੇ ਕਿ ਲਾਂਘੇ ਦੀ ਭਾਰਤ ਲਈ ਖਤਰਨਾਕ ਤਸ਼ਵੀਰ ਪੇਸ਼ ਕਰ ਰਹੇ ਹਨ।
ਇਨ੍ਹਾਂ ‘ਚ ਕਈਆਂ ਨੇ ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਮੁੜ੍ਹ ਨਿਸ਼ਾਨੇ ‘ਤੇ ਲਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾ ਕੇ ਕਰਤਾਰਪੁਰ ਲਾਂਘਾ ਖੁਲ੍ਹਣ ਦੇ ਸਮਾਗਮ ਵਿੱਚ ਬੋਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਹੁਤ ਸ਼ਲਾਘਾ ਕੀਤੀ ਹੈ। ਇਸ ਲਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇਸ਼-ਵਾਸੀਆਂ ਕੋਲੋਂ ਮਾਫੀ ਮੰਗਦੀ ਰਾਜਸੀ ਆਗੂਆਂ ਵੱਲੋਂ ਨਫਰਤ ਦੇ ਬੀਜ ਬੀਜਣ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾਂਦਾ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ਵਿੱਚ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਲਏ ਦਲੇਰ ਫੈਸਲੇ ਕਰਕੇ ਕਰਤਾਰਪੁਰ ਸਟੇਜ਼ ਤੋਂ ਇਮਰਾਨ ਖਾਨ ਦੀ ਡੱਟ ਕੇ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ 72 ਸਾਲ ਤੋਂ ਸਿੱਖ ਅਰਦਾਸਾਂ ਕਰ ਰਹੇ ਸਨ ਕਿ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਦੇ ਖੁਲ੍ਹੇ ਦਰਸ਼ਨ ਕਰ ਸਕਣ। ਉਹ ਅਰਦਾਸਾਂ ਰੰਗ ਲਿਆਈਆਂ ਹਨ ਅਤੇ ਇਮਰਾਨ ਖਾਨ ਨੇ ਇਹ ਫੈਸਲਾ ਕਰਕੇ ਦੁਨੀਆ ਭਰ ‘ਚ ਬੈਠੇ ਸਿੱਖਾਂ ਦਾ ਮਨ ਜਿੱਤ ਲਿਆ ਹੈ। ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਧੰਨਵਾਦ ਕੀਤਾ। ਕਰਤਾਰਪੁਰ ਦਾ ਲਾਂਘਾ ਖੁਲ੍ਹਣ ਦਾ ਦਿਨ ਅਜਿਹਾ ਮੌਕਾ ਸੀ ਕਿ ਸ਼ੁਕਰਾਨੇ ਦਾ ਸਮਾਂ ਸੀ।
ਇਸ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਉਧੇੜ ਕੇ ਨਿਸ਼ਾਨਾ ਬਣਾਏ ਜਾਣ ਤੋਂ ਸ਼ਪਸਟ ਹੈ ਕਿ ਇਨ੍ਹਾਂ ਮਾਮਲਿਆਂ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਧੰਨਵਾਦ ਕਰਦੇ ਹਨ ਇਮਰਾਨ ਖਾਨ ਦਾ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਸਿੱਧੂ ਨੇ ਆਪਣੇ ਅੰਦਾਜ਼ ਨਾਲ ਤਾਰੀਫ ਕੀਤੀ ਹੈ ਤਾਂ ਮਾਫੀ ਮੰਗਣ ਦਾ ਮਾਮਲਾ ਕਿਵੇਂ ਬਣ ਗਿਆ?
ਇਹ ਵੱਖਰੀ ਗੱਲ ਹੈ ਕਿ ਉਸ ਨੇ ਪਵਿੱਤਰ ਦਿਹਾੜੇ ‘ਤੇ ਪਾਕਿਸਤਾਨ ਨੂੰ ਬੁਰਾ ਭਲਾ ਨਹੀਂ ਕਿਹਾ ਜਿਵੇਂ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਮੁੱਖ-ਮੰਤਰੀ ਨੇ ਪਾਕਿਸਤਾਨ ਨੂੰ ਗਰੀਬ ਅਤੇ ਪਛੜਿਆ ਹੋਇਆ ਮੁਲਕ ਕਿਹਾ ਸੀ। ਇਹ ਵੀ ਸਹੀ ਹੈ ਕਿ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਕਸ਼ਮੀਰ ਸਮੱਸਿਆ ਦਾ ਜ਼ਿਕਰ ਕਰਨਾ ਨਹੀਂ ਭੁੱਲੇ।
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਧਾਰਾ 370 ਖਤਮ ਕਰਨ ਨਾਲ ਕਸ਼ਮੀਰ ਵਸਦੇ ਸਿੱਖਾਂ ਨੂੰ ਵੀ ਫਾਇਦਾ ਹੋਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰੀਆਂ ਉੱਤੇ ਭਾਰਤ ਦੀਆਂ ਜ਼ਿਆਦਤੀਆਂ ਦਾ ਜ਼ਿਕਰ ਕੀਤਾ। ਭਾਰਤ ਦੀਆਂ ਖੂਫੀਆਂ ਏਜੰਸੀਆਂ ਲਗਾਤਾਰ ਇਹ ਆਖ ਰਹੀਆਂ ਹਨ ਕਿ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦੀਆਂ ਅੱਤਵਾਦੀ ਜੱਥੇਬੰਦੀਆਂ ਪੰਜਾਬ ‘ਚ ਗੜਬੜ ਕਰਨ ਲਈ ਇਸਤੇਮਾਲ ਕਰ ਸਕਦੀਆਂ ਹਨ। ਪਾਕਿਸਤਾਨ ਅਤੇ ਭਾਰਤ ਦੀਆਂ ਖੂਫੀਆਂ ਏਜੰਸੀਆਂ ਦੀ ਨੀਯਤ ਅਤੇ ਦਾਅਵੇ ਵੀ ਆਉਂਦੇ ਦਿਨਾਂ ‘ਚ ਸਾਹਮਣੇ ਆ ਹੀ ਜਾਣਗੇ ਪਰ ਪੰਜਾਬੀਆਂ ਦੀ ਕੋਈ ਲੁਕਵੀਂ ਖੇਡ ਨਹੀਂ ਹੈ।
ਗੁਰੂ ਨਾਨਕ ਨਾਮ ਲੇਵਾ ਤਾਂ ਕਰਤਾਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ ਕਰਕੇ ਬਾਗੋਬਾਗ ਹਨ ਅਤੇ ਉਹ ਸ਼ਾਂਤੀ ਅਤੇ ਭਾਈਚਾਰਕ ਸ਼ਾਂਝ ਲਈ ਅਰਦਾਸਾਂ ਕਰ ਰਹੇ ਹਨ। ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਤਾਂ ਦੋਹਾਂ ਮੁਲਕਾਂ ਦਾ ਧੰਨਵਾਦ ਕਰਦਿਆਂ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ। ਰਾਜਸੀ ਨੇਤਾਵਾਂ ਨੂੰ ਪਵਿੱਤਰ ਦਿਹਾੜਿਆਂ ‘ਤੇ ਘਟੀਆ ਰਾਜਨੀਤੀ ਕਰਨ ਤੋਂ ਗੁਰੇਜ਼ ਹੋਣਾ ਚਾਹੀਦਾ ਹੈ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵੀ ਕਰਤਾਰਪੁਰ ਲਾਂਘੇ ਲਈ ਕਿਸੇ ਨੂੰ ਸ਼ਰਾਰਤ ਕਰਨ ਦੀ ਆਗਿਆ ਨਾ ਦੇਣ। ਇਸ ਵਿੱਚ ਹੀ ਦੋਹਾਂ ਮੁਲਕਾਂ ਦਾ ਭਲਾ ਹੈ।
-ਜਗਤਾਰ ਸਿੰਘ ਸਿੱਧੂ
ਸੀਨੀਅਰ ਪੱਤਰਕਾਰ