ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਵੇਂ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਕੁਝ ਸੁਖਾਵਾਂ ਤੇ ਸਾਂਝ ਵਧਦੀ ਨਜ਼ਰ ਆ ਰਹੀ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਨੇਮਾਂ ਤੇ ਸ਼ਰਤਾਂ ’ਤੇ ਸਹੀ ਪਾ ਦਿੱਤੀ ਹੈ।
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਏ ਸਮਝੌਤੇ ’ਤੇ ਦਸਤਖਤ ਕਰਦਿਆਂ ਉੱਚ ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਮੁੱਦੇ ’ਤੇ ਦੋਵਾਂ ਮੁਲਕਾਂ ਵਿਚਕਾਰ ਚਲ ਰਹੇ ਮਾਹੌਲ ਨੂੰ ਨਜ਼ਰਅੰਦਾਜ਼ ਕਰਕੇ ਕਰਤਾਰਪੁਰ ਲਾਂਘੇ ਲਈ ਅਹਿਮ ਮੰਨੇ ਜਾਂਦੇ ਸਮਝੌਤੇ ’ਤੇ ਸਹੀ ਪਾ ਕੇ ਇਤਿਹਾਸ ਸਿਰਜਿਆ ਗਿਆ ਹੈ। ਸਮਝੌਤੇ ਅਧੀਨ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਚਾਰ ਕਿਲੋਮੀਟਰ ਦੂਰ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਜ਼ੀਰੋ ਲਾਈਨ ’ਤੇ ਇਕ ਸਾਧਾਰਨ ਰਸਮ ਮੌਕੇ ਸਮਝੌਤੇ ਉਪਰ ਸਹੀ ਪਾਈ ਹੈ। ਭਾਰਤੀ ਗ੍ਰਹਿ ਮੰਤਰਾਲੇ ਦੇ ਜਾਇੰਟ ਸਕੱਤਰ ਐੱਸਸੀਐੱਲ ਦਾਸ ਅਤੇ ਪਾਕਿਸਤਾਨ ਵੱਲੋਂ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਰਾਰ ’ਤੇ ਦਸਤਖ਼ਤ ਕੀਤੇ।
ਪਾਕਿਸਤਾਨ ਨੇ ਸ਼ਰਧਾਲੂਆਂ ਤੋਂ ਫੀਸ 20 ਅਮਰੀਕੀ ਡਾਲਰ ਲੈਣ ਦੀ ਸ਼ਰਤ ਬਰਕਰਾਰ ਰੱਖੀ। ਸਮਝੌਤੇ ਅਧੀਨ ਹਰ ਸ਼ਰਧਾਲੂ ਨੂੰ ਹੁਣ ਇਸ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਗੁਰੂ ਨਾਨਕ ਨਾਮ ਲੇਵਾ ਭਾਰਤੀ ਸ਼ਰਧਾਲੂ 10 ਨਵੰਬਰ ਤੋਂ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਯਾਤਰਾ ਦੌਰਾਨ ਸ਼ਰਧਾਲੂ ਅਸਥਾਈ ਪੁਲ/ਆਮ ਰਸਤੇ ਰਾਹੀਂ ਪਹਿਲਾਂ ਪਾਕਿਸਤਾਨ ਦੀ ਇੰਟੇਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਤੱਕ ਜਾਣਗੇ। ਪੁਲ ਮੁਕੰਮਲ ਹੋਣ ਮਗਰੋਂ ਸ਼ਰਧਾਲੂ ਉਸ ਉੁਪਰੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਭਾਰਤ ਨੇ ਜ਼ੀਰੋ ਲਾਈਨ ਤੱਕ ਸਥਾਈ ਪੁਲ ਬਣਾ ਦਿੱਤਾ ਹੈ, ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਦੋ-ਤਿੰਨ ਮਹੀਨਿਆਂ ਤਕ ਉਧਰ ਵੀ ਪੁਲ ਉਸਾਰ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਅਧਿਕਾਰੀ ਜਨਾਬ ਫ਼ੈਸਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਨੂੰ ਇਕ ਸਾਲ ਦੇ ਸਮੇਂ ’ਚ ਪੂਰਾ ਕਰਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਹਾਲਾਤ ਅਨੁਸਾਰ ਉਨ੍ਹਾਂ ਕਿਹਾ ਕਿ ਲਾਂਘੇ ਬਾਰੇ ਕਰਾਰ ਦਾ ਸਿਰੇ ਚੜ੍ਹਨਾ ਆਸਾਨ ਕੰਮ ਨਹੀਂ ਸੀ। ਲਾਂਘੇ ਰਾਹੀਂ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਹੋਰਨਾਂ ਗੁਰਧਾਮਾਂ ’ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰਨਗੇ। ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ।
ਇਹ ਹਨ ਸ਼ਰਧਾਲੂਆਂ ਲਈ ਮੁੱਖ ਹਦਾਇਤਾਂ :
ਸ਼ਰਧਾਲੂ 11 ਹਜ਼ਾਰ ਦੀ ਨਗ਼ਦੀ ਤੇ ਸੱਤ ਕਿਲੋ ਵਜ਼ਨ ਲਿਜਾ ਸਕਣਗੇ। 13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ਵਿੱਚ ਯਾਤਰਾ ਕਰ ਸਕਦੇ ਹਨ। ਯਾਤਰਾ ਦੌਰਾਨ ਕੱਪੜੇ ਦੇ ਬੈਗ ਨੂੰ ਤਰਜੀਹ ਦੇਣ ਦੀ ਹਦਾਇਤ ਹੈ। ਉੱਚੀ ਆਵਾਜ਼ ’ਚ ਸੰਗੀਤ ਚਲਾਉਣ ਤੇ ਫੋਟੋਆਂ ਖਿੱਚਣ ਦੀ ਮਨਾਹੀ ਹੈ। ਸ਼ਰਧਾਲੂਆਂ ਨੂੰ ਇਕੱਲੇ ਜਾਂ ਗਰੁੱਪਾਂ ਵਿੱਚ ਪੈਦਲ ਜਾਣ ਦੀ ਖੁੱਲ੍ਹ ਹੋਵੇਗੀ। ਲੰਗਰ ਤੇ ਪ੍ਰਸਾਦ ਦਾ ਪ੍ਰਬੰਧ ਪਾਕਿਸਤਾਨ ਵਲੋਂ ਕੀਤਾ ਜਾਵੇਗਾ। ਲਾਂਘਾ ਹਰ ਰੋਜ਼ ਪਹੁ-ਫੁਟਾਲੇ ਤੋਂ ਦਿਨ ਛਿਪਣ ਤਕ ਖੁੱਲ੍ਹਾ ਰਹੇਗਾ। ਰੋਜ਼ਾਨਾ 5000 ਭਾਰਤੀ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਜਾਣ ਦੀ ਆਗਿਆ ਹੋਵੇਗੀ। ਸ਼ਰਧਾਲੂ ਪਾਕਿਸਤਾਨ ਦੇ ਕਿਸੇ ਹੋਰ ਗੁਰਦੁਆਰੇ ’ਚ ਨਹੀਂ ਜਾ ਸਕਣਗੇ। ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ।
ਆਨਲਾਈਨ ਰਜਿਸਟਰੇਸ਼ਨ ਸ਼ੁਰੂ:
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟਰੇਸ਼ਨ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ। ਇਕ ਅਧਿਕਾਰਤ ਬਿਆਨ ਮੁਤਾਬਕ ਸਮਝੌਤੇ ਸਬੰਧੀ ਸ਼ਰਤਾਂ ’ਤੇ ਸਹੀ ਪੈਣ ਮਗਰੋਂ ਆਨਲਾਈਨ ਪੋਰਟਲ prakashpurb550.mha.gov.in ਚਾਲੂ ਹੋ ਗਿਆ ਹੈ।
555 ਕਰੋੜ ਰੁਪਏ ਦੀ ਕਮਾਈ:
ਪਾਕਿਸਤਾਨ ਨੂੰ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਫੀਸ ਦੇ ਰੂਪ ਵਿੱਚ ਵਸੂਲੇ ਜਾਣ ਵਾਲੇ 20 ਅਮਰੀਕੀ ਡਾਲਰ (ਪ੍ਰਤੀ ਸ਼ਰਧਾਲੂ) ਨਾਲ ਸਾਲਾਨਾ 555 ਕਰੋੜ ਰੁਪਏ ਦੀ ਕਮਾਈ ਹੋਵੇਗੀ। ਪਾਕਿਸਤਾਨ ਨੂੰ ਰੋਜ਼ਾਨਾ ਇਕ ਲੱਖ ਅਮਰੀਕੀ ਡਾਲਰ ਲਗਪਗ ਭਾਰਤੀ ਕਰੰਸੀ ਮੁਤਾਬਕ 71 ਲੱਖ ਰੁਪਏ ਦੀ ਕਮਾਈ ਹੋਵੇਗੀ।