ਜਪਾਨ ਸਰਕਾਰ ਸ਼ੁੱਕਰਵਾਰ ਨੂੰ ਛੋਟੇ ਜ਼ੁਰਮਾਂ ਵਿੱਚ ਦੋਸ਼ੀ ਪਾਏ ਗਏ 5,50,000 ਅਪਰਾਧੀਆਂ ਨੂੰ ਰਿਹਾਅ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਉਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਜੋ ਮੌਜੂਦਾ ਸਮੇਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ਤੇ ਜਿਨ੍ਹਾਂ ਨੇ ਆਪਣਾ ਜ਼ੁਰਮਾਨਾ ਨਹੀਂ ਭਰਿਆ ਹੈ। ਜਪਾਨ ਦੇ 126ਵੇਂ ਮਹਾਰਾਜਾ ਨਾਰੁਹੀਤੋ ਦੇ ਰਾਜਤਿਲਕ ਮੌਕੇ ਹੋ ਰਹੇ ਸਮਾਗਮ ‘ਚ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨਾ ਤੇ ਇਨ੍ਹਾਂ ਦੀ ਸਜ਼ਾ ਮੁਆਫ ਕਰਨ ਦੀ ਘੋਸ਼ਣਾ ਕੀਤੀ ਜਾਵੇਗੀ।
ਸਰਕਾਰ ਅਨੁਸਾਰ ਕੈਦੀਆਂ ਦੀ ਸਮਾਜਿਕ ਏਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ੁਰਮਾਨਾ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ 1000 ਕੈਦੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਸਜ਼ਾ ਕੱਟ ਰਹੇ ਹਨ ਉਨ੍ਹਾਂ ਦੀਆਂ ਗੰਭੀਰ ਬਿਮਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਦੇ ਮਨੁੱਖੀ ਆਧਾਰ ‘ਤੇ ਰਿਹਾਅ ਕੀਤਾ ਜਾਵੇਗਾ।
ਦੱਸ ਦੇਈਏ 12 ਅਕਤੂਬਰ ਨੂੰ ਹਗੀਬਿਸ ਤੂਫਾਨ ਨੇ ਜਪਾਨ ਵਿੱਚ ਬਹੁਤ ਭਿਆਨਕ ਤਬਾਹੀ ਮਚਾਈ ਸੀ। ਇਸ ਤੂਫਾਨ ਕਾਰਨ ਲਗਪਗ 77 ਲੋਕ ਮਾਰੇ ਗਏ ਸਨ ਤੇ ਲਗਭਗ 346 ਲੋਕ ਇਸ ‘ਚ ਜ਼ਖਮੀ ਹੋਏ ਸਨ। ਜਿਸ ਸਭ ਦੇ ਚਲਦਿਆਂ ਜਪਾਨ ਸਰਕਾਰ ਨੇ ਸਮਰਾਟ ਨਾਰੁਹਿਤੋ ਦੇ ਰਾਜ-ਤਿਲਕ ਮੌਕੇ ਹੋ ਰਹੇ ਸਮਾਗਮ ਨੂੰ ਰੱਦ ਕਰਕੇ ਇਸ ਪ੍ਰੋਗਰਾਮ ਨੂੰ 10 ਨਵੰਬਰ ਨੂੰ ਮਨਾਉਣ ਦਾ ਫੈਸਲਾ ਲਿਆ ਸੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜਪਾਨ ਦੀ ਸਰਕਾਰ ਵੱਲੋਂ ਵੱਖ-ਵੱਖ ਰਾਜਿਆਂ ਦੇ ਰਾਜਤਿਲਕ ਤੇ ਹੋਰ ਸਮਾਗਮਾਂ ਮੌਕੇ ਕੈਦੀਆਂ ਨੂੰ ਵੱਡੀ ਗਿਣਤੀ ਵਿੱਚ ਰਿਹਾਅ ਕੀਤਾ ਗਿਆ ਹੋਏ। ਉਦਾਹਰਣ ਵਜੋਂ ਸਾਲ 1989 ਵਿੱਚ ਮਹਾਰਾਜ ਹੀਰੋਹਿਤੋ ਦੀ ਮੌਤ ਤੋਂ ਬਾਅਦ ਲਗਭਰ 50 ਲੱਖ ਕੈਦੀਆਂ ਦੇ ਦੋਸ਼ ਮਾਫ ਕੀਤੇ ਗਏ ਤੇ ਮਹਾਰਾਜ ਅਕੀਹੀਤੋ ਦੇ ਰਾਜਤਿਲਕ ਮੌਕੇ ਵੀ 20 ਲੱਖ ਕੈਦੀਆਂ ਦੀ ਸਜ਼ਾ ਮਾਫ ਕੀਤੀ ਗਈ ਸੀ।