ਕਹਿੰਦੇ ਨੇ ਜੇ ਇਨਸਾਨ ਔਖੀ ਤੋਂ ਔਖੀ ਘੜੀ ਵਿੱਚ ਵੀ ਹੌਂਸਲਾ ਨਾ ਹਾਰੇ ਤਾਂ ਉਹ ਕੁਝ ਵੀ ਕਰ ਲੈਂਦਾ ਹੈ। ਕੁਝ ਅਜਿਹਾ ਮਾਮਲਾ ਅਮਰੀਕਾ ਦੇ ਕੇਂਟਕੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਕਰਮਚਾਰੀ ਦੀ ਚਤੁਰਾਈ , ਫੁਰਤੀ ਅਤੇ ਤੇਜ ਤਰਾਰ ਦਿਮਾਗ ਨੇ ਹੋਟਲ ‘ਚ ਡਕੈਤੀ ਕਰਨ ਆਏ ਇੱਕ ਵਿਅਕਤੀ ਨੂੰ ਚੰਗਾ ਸਬਕ ਸਿਖਾਇਆ ਹੈ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਮਹਿਲਾ ਹੋਟਲ ਵਿੱਚ ਕਲਰਕ ਦੇ ਤੌਰ ‘ਤੇ ਕੰਮ ਕਰਦੀ ਹੈ।
ਜਾਣਕਾਰੀ ਮੁਤਾਬਿਕ ਇਸ ਬਹਾਦਰ ਮਹਿਲਾ ਦੀ ਸੀਸੀਟੀਵੀ ਵੀਡੀਓ ਨੂੰ ਪੁਲਿਸ ਨੇ ਵੀ ਆਪਣੇ ਪੇਜ਼ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਇਹ ਚੋਰ ਜਦੋਂ ਮਾਸਕ ਪਹਿਣ ਕੇ ਹੋਟਲ ਵਿੱਚ ਆਉਂਦਾ ਹੈ ਤਾਂ ਕਾਉਂਟਰ ‘ਤੇ ਮੌਜੂਦ ਕਲਰਕ ਨੂੰ ਬੰਦੂਕ ਨਾਲ ਡਰਾ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਮਹਿਲਾ ਡਰ ਕੇ ਪੈਸੇ ਕਾਉਂਟਰ ‘ਤੇ ਰੱਖ ਦਿੰਦੀ ਹੈ। ਪਰ ਜਦੋਂ ਚੋਰ ਇਹ ਪੈਸੇ ਆਪਣੇ ਬੈਗ ਵਿੱਚ ਪਾਉਣ ਲਗਦਾ ਹੈ ਤਾਂ ਉਹ ਆਪਣੀ ਬੰਦੂਕ ਕਾਉਂਟਰ ‘ਤੇ ਰੱਖ ਦਿੰਦਾ ਹੈ। ਇਸ ਤੋਂ ਬਾਅਦ ਮਹਿਲਾ ਕਰਮਚਾਰੀ ਫੁਰਤੀ ਨਾਲ ਉਹ ਬੰਦੂਕ ਚੁੱਕ ਲੈਂਦੀ ਹੈ ਅਤੇ ਉਸੇ ‘ਤੇ ਹੀ ਤਾਣ ਲੈਂਦੀ ਹੈ। ਜਿਸ ਤੋਂ ਬਾਅਦ ਚੋਰ ਨੌਂ ਦੋ ਗਿਆਰਾਂ ਹੋ ਜਾਂਦਾ ਹੈ।