ਕੇਰਲਾ : ਬੀਤੇ ਦਿਨੀਂ ਬਾਰਸੀਲੋਨਾ ਹਵਾਈ ਅੱਡੇ ‘ਤੇ ਇੱਕ ਵਿਅਕਤੀ ਵੱਲੋਂ ਆਪਣੇ ਨਕਲੀ ਵਾਲਾਂ ਦੇ ਵਿੱਗ ਨੀਚੇ 24 ਲੱਖ ਰੁਪਏ ਦੀ ਛਪਾਈ ਗਈ ਕੋਕੀਨ ਪਕੜੇ ਜਾਣ ਤੋਂ ਬਾਅਦ ਇਹੋ ਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਰ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਵਿਅਕਤੀ ਵੱਲੋਂ ਆਪਣੇ ਵਾਲਾਂ ਦੇ ਵਿੱਗ ਨੀਚੇ ਕੋਕੀਨ ਨਹੀਂ ਬਲਕਿ ਸੋਨਾ ਛਪਾਇਆ ਗਿਆ ਸੀ। ਜੀ ਹਾਂ ਸੋਨਾ ਤੇ ਉਹ ਵੀ ਗ੍ਰਾਮਾਂ ‘ਚ ਨਹੀਂ ਬਲਕਿ ਕਿੱਲੋਆਂ ‘ਚ। ਦਰਅਸਲ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਕੇਰਲਾ ਦੇ ਕੋਚੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਕਿ ਆਪਣੇ ਵਾਲਾਂ ਦੇ ਵਿੱਗ ਦੇ ਅੰਦਰ ਇੱਕ ਕਿੱਲੋ ਸੋਨਾ ਛੁਪਾ ਕੇ ਰੱਖਿਆ ਸੀ। ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦਾ ਨਾਮ ਨੌਸ਼ਾਦ ਹੈ ਤੇ ਇਹ ਮੁੱਲਾਂਪੁਰਮ ਦਾ ਰਹਿਣ ਵਾਲਾ ਹੈ।
ਪਤਾ ਲੱਗਾ ਹੈ ਕਿ ਨੌਸ਼ਾਦ ਜਦੋਂ ਹਵਾਈ ਅੱਡੇ ‘ਤੇ ਉਤਰਿਆ ਤਾਂ ਉਸ ਦੇ ਵਿੱਗ ਨੂੰ ਦੇਖ ਕੇ ਕਸਟਮ ਅਧਿਕਾਰੀਆਂ ਨੂੰ ਉਸ ‘ਤੇ ਸ਼ੱਕ ਹੋ ਗਿਆ ਸੀ। ਇਸ ਤੋਂ ਬਾਅਦ ਜਦੋਂ ਕਸਟਮ ਅਧਿਕਾਰੀਆਂ ਨੇ ਨੌਸ਼ਾਦ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਗ ਵਿੱਚੋਂ ਇੱਕ ਕਿੱਲੋ ਸੋਨਾ ਬਰਾਮਦ ਹੋਇਆ। ਜਾਣਕਾਰੀ ਮੁਤਾਬਿਕ ਨੌਸ਼ਾਦ ਸ਼ਾਰਜਾਹ ਤੋਂ ਵਾਪਸ ਆਇਆ ਸੀ। ਸੋਨੇ ਦੀ ਤਸਕਰੀ ਕਰਨ ਲਈ ਉਸ ਨੇ ਇਹ ਤਰੀਕਾ ਅਪਣਾਇਆ ਜਿਹੜਾ ਕਿ ਨਾਕਾਮ ਰਿਹਾ।