ਪਟਿਆਲਾ : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਸਤੀਫ਼ਾ ਦੇ ਚੁਕੇ ਪ੍ਰਧਾਨ ਸੁਨੀਲ ਜਾਖੜ ਨੂੰ ਲਿਖੀ ਉਹ ਚਿੱਠੀ ਜਨਤਕ ਹੋਈ, ਜਿਸ ਵਿੱਚ ਆਸ਼ਾ ਕੁਮਾਰੀ ਨੇ ਜਾਖੜ ਦਾ ਅਸਤੀਫਾ ਕੁੱਲ ਹਿੰਦ ਕਾਂਗਰਸ ਪਾਰਟੀ ਵਲੋਂ ਨਾਮਨਜ਼ੂਰ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਂਦਿਆਂ ਇਹ ਲਿਖਿਆ ਸੀ ਕਿ ਤੁਸੀਂ ਆਪਣੀ ਵਧੀਆ ਕਾਰਗੁਜ਼ਾਰੀ ਜਾਰੀ ਰੱਖੋ, ਕਿਉਂਕਿ ਤੁਹਾਡਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਜਿਉਂ ਹੀ ਇਹ ਚਿੱਠੀ ਬਾਹਰ ਆਈ ਲਗਭਗ ਉਸ ਵਕਤ ਤੋਂ ਹੀ ਸਿਆਸੀ ਤੇ ਖ਼ਾਸਕਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜਿਆਂ ‘ਚ ਵੀ ਇਹ ਚਰਚਾ ਛਿੜੀ ਹੋਈ ਹੈ ਕਿ, ਕੀ ਆਸ਼ਾ ਕੁਮਾਰੀ ਵਲੋਂ ਲਿਖੀ ਗਈ ਇਸ ਚਿੱਠੀ ਦੇ ਅਧਾਰ ‘ਤੇ ਉਸ ਜਾਖੜ ਨੂੰ ਮੁੜ ਪ੍ਰਧਾਨਗੀ ਦਾ ਚਾਰਜ ਸੰਭਾਲਣਾ ਚਾਹੀਦਾ ਹੈ ਜਿਹੜੇ ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਇਹ ਕਹਿੰਦੇ ਆਏ ਹਨ ਕਿ ਉਨ੍ਹਾਂ ਨੇ ਪ੍ਰਧਾਨਗੀ ਦਾ ਚਾਰਜ ਨਹੀਂ ਲੈਣਾ ਪਾਰਟੀ ਹੁਣ ਕਿਸੇ ਹੋਰ ਨੂੰ ਮੌਕਾ ਦੇਵੇ? ਛਿੜੀ ਚਰਚਾ ਅਨੁਸਾਰ ਜਾਖੜ ਦਾ ਅਸਤੀਫ਼ਾ ਨਾਮਜ਼ੂਰ ਕੀਤੇ ਜਾਣ ਦੇ ਅਧਿਕਾਰ ਸਿਰਫ ਸੋਨੀਆਂ ਗਾਂਧੀ ਕੋਲ ਹਨ ਤੇ ਚਿੱਠੀ ਵਿੱਚ ਨਾ ਤਾਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਜ਼ਿਕਰ ਹੈ ਤੇ ਨਾ ਹੀ ਕਿਸੇ ਹੋਰ ਅਜਿਹੇ ਅਹੁਦੇਦਾਰ ਦਾ ਜਿਸ ਬਾਰੇ ਇਹ ਕਿਹਾ ਜਾ ਸਕਦਾ ਹੋਵੇ ਕਿ ਉਸ ਕੋਲ ਜਾਖੜ ਦਾ ਅਸਤੀਫ਼ਾ ਨਾਮਨਜ਼ੂਰ ਕੀਤੇ ਜਾਣ ਦੇ ਅਧਿਕਾਰ ਸਨ। ਭੰਬਲਭੂਸੇ ‘ਚ ਪਈ ਇਸ ਸਥਿਤੀ ਦੌਰਾਨ ਦੋਸ਼ ਇਥੋਂ ਤੱਕ ਲੱਗ ਰਹੇ ਨੇ, ਕਿ ਦੇਖਣ ਨੂੰ ਤਾਂ ਇੰਝ ਲਗਦਾ ਹੈ ਕਿ ਇਹ ਸਭ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ ਪਰ ਅਸਲ ਵਿੱਚ ਡਰ ਨਵਜੋਤ ਸਿੱਧੂ ਦਾ ਸੀ ਕਿ ਕਿਤੇ ਪੰਜਾਬ ਦੀ ਪ੍ਰਧਾਨਗੀ ਉਨ੍ਹਾਂ ਨੂੰ ਨਾ ਦੇ ਦਿੱਤੀ ਜਾਵੇ।
ਜੇਕਰ ਆਸ਼ਾ ਕੁਮਾਰੀ ਵਲੋਂ 14 ਸਤੰਬਰ 2019 ਨੂੰ ਸੁਨੀਲ ਜਾਖੜ ਨੂੰ ਲਿਖੀ ਚਿੱਠੀ ਦਾ ਮਜ਼ਮੂਨ ਪੜ੍ਹ ਕੇ ਦੇਖਿਆ ਜਾਵੇ ਤਾਂ ਉਸ ਵਿੱਚ ਆਸ਼ਾ ਕੁਮਾਰੀ ਨੇ ਸਪਸ਼ਟ ਤੌਰ ‘ਤੇ ਲਿਖਿਆ ਹੈ ਕਿ, “ਪਿਆਰੇ ਜਾਖੜ ਸਾਹਿਬ, ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਵਜੋਂ ਆਪਣਾ ਅਸਤੀਫ਼ਾ ਜਮ੍ਹਾਂ ਕਰਵਾਇਆ ਸੀ। ਕਾਂਗਰਸ ਪਾਰਟੀ ਤੁਹਾਡਾ ਇਹ ਅਸਤੀਫ਼ਾ ਨਾਮਜ਼ੂਰ ਕਰਦੀ ਹੈ ਅਤੇ ਤੁਹਾਡੇ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਆਪਣਾ ਚੰਗਾ ਕੰਮ ਜਾਰੀ ਰੱਖੋਗੇ।” ਹੁਣ ਉਕਤ ਸਤਰਾਂ ‘ਚ ਧਿਆਨ ਦੇਣ ਯੋਗ ਗੱਲ ਹੈ “ਕਾਂਗਰਸ ਪਾਰਟੀ ਤੁਹਾਡਾ ਅਸਤੀਫ਼ਾ ਨਾਮਨਜ਼ੂਰ ਕਰਦੀ ਹੈ”।ਇੱਥੇ ਇਸ ਗੱਲ ‘ਤੇ ਧਿਆਨ ਦੇਣ ਲਈ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਉਸ ਵੇਲੇ ਦੇ ਕੁਲ ਹਿੰਦ ਕਾਂਗਰਸ ਪਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਥਾਪਿਆ ਸੀ, ਤੇ ਜਾਖੜ ਨੇ ਵੀ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹੀ ਭੇਜਿਆ ਸੀ, ਪਰ ਆਸ਼ਾ ਕੁਮਾਰੀ ਵਲੋਂ ਜਾਖੜ ਨੂੰ ਲਿਖੀ ਗਈ ਚਿੱਠੀ ਨਾ ਤਾਂ ਮੌਜੂਦਾ ਕੁਲ ਹਿੰਦ ਕਾਂਗਰਸ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਦੇ ਹਵਾਲੇ ਨਾਲ ਲਿਖੀ ਗਈ ਹੈ, ਤੇ ਨਾ ਹੀ ਉਸ ਚਿੱਠੀ ਵਿੱਚ ਕਿਧਰੇ ਵੀ ਇਹ ਲਿਖਿਆ ਗਿਆ ਹੈ ਕਿ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਆਪਣਾ ਚੰਗਾ ਕੰਮ ਜਾਰੀ ਰੱਖੋ।
ਇਸ ਤੋਂ ਇਲਾਵਾ ਸੂਤਰਾਂ ਅਨੁਸਾਰ ਜਾਖੜ ਨੂੰ ਅਜਿਹੀ ਚਿੱਠੀ ਲਿਖਣ ਦਾ ਅਧਿਕਾਰ ਕਾਂਗਰਸ ਪਾਰਟੀ ਦੇ ਜਰਨਲ ਸੈਕਟਰੀ ਇੰਚਾਰਜ ਆਰਗੇਨਾਈਜੇਸ਼ਨਜ਼ ਕੋਲ ਸੀ, ਤੇ ਉਹ ਵੀ ਅਜਿਹੀ ਚਿੱਠੀ ਕਾਂਗਰਸ ਪ੍ਰਧਾਨ ਦੇ ਹਵਾਲੇ ਨਾਲ ਹੀ ਇਹ ਲਿਖ ਸਕਦਾ ਸੀ, ਪਰ ਇਨ੍ਹਾਂ ਦੋਵਾਂ ਵਿੱਚੋ ਇੱਕ ਵੀ ਗੱਲ ਨਹੀਂ ਹੋਈ। ਨਾ ਤਾਂ ਆਸ਼ਾ ਕੁਮਾਰੀ ਨੇ ਇਹ ਚਿੱਠੀ ਸੋਨੀਆਂ ਗਾਂਧੀ ਦੇ ਹਵਾਲੇ ਨਾਲ ਲਿਖੀ ਹੈ ਤੇ ਨਾ ਹੀ ਇਹ ਚਿੱਠੀ ਕਾਂਗਰਸ ਪਾਰਟੀ ਦੇ ਜਰਨਲ ਸੈਕਟਰੀ ਇੰਚਾਰਜ ਆਰਗੇਨਾਈਜੇਸ਼ਨਜ਼ ਵੇਣੂਗੋਪਾਲਨ ਵਲੋਂ ਲਿਖੀ ਗਈ ਸੀ। ਇਥੋਂ ਤੱਕ ਕਿ ਆਸ਼ਾ ਕੁਮਾਰੀ ਦਾ ਨਾਮ ਕੁਲ ਹਿੰਦ ਕਾਂਗਰਸ ਪਾਰਟੀ ਦੇ 13 ਜਰਨਲ ਸਕੱਤਰਾਂ ਦੀ ਲਿਸਟ ‘ ਚ ਵੀ ਨਹੀਂ ਬੋਲਦਾ। ਲਿਹਾਜ਼ਾ ਕਾਂਗਰਸ ਵਰਕਰਾਂ ‘ਚ ਭੰਬਲਭੂਸਾ ਪੈਦਾ ਹੋ ਗਿਆ ਹੈ।
ਇੱਥੇ ਸਵਾਲ ਇਹ ਵੀ ਚੁੱਕੇ ਜਾ ਰਹੇ ਹਨ ਕਿ ਚਿੱਠੀ ਅਨੁਸਾਰ ਜਾਖੜ ਦਾ ਅਸਤੀਫ਼ਾ ਕਾਂਗਰਸ ਪਾਰਟੀ ਵਲੋਂ ਨਾਮਨਜ਼ੁਰ ਕਰਨ ਬਾਰੇ ਤਾਂ ਲਿਖਿਆ ਗਿਆ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਕਿਹੜੀ ਕਾਂਗਰਸ ਪਾਰਟੀ, ਰਾਸ਼ਟਰੀ ਜਾ ਸੂਬਾ? ਭਾਂਵੇਂ ਕਿ ਪਰਟੀ ਦੀਆਂ ਦੋਵਾਂ ਹੀ ਇਕਾਈਆਂ ਨੂੰ ਅਸਤੀਫ਼ਾ ਮਨਜ਼ੂਰ ਕਰਨ ਦਾ ਅਧਿਕਾਰ ਨਹੀਂ, ਪਰ ਇਸ ਦੇ ਬਾਵਜੂਦ ਇੰਨਾ ਜਰੂਰ ਹੈ ਕਿ ਇਹ ਚਿੱਠੀ ਕਾਂਗਰਸ ਪ੍ਰਧਾਨ ਦੇ ਹਵਾਲੇ ਨਾਲ ਵੀ ਲਿਖੀ ਜਾਂਦੀ ਤਾਂ ਵੀ ਗੱਲ ਹਜ਼ਮ ਹੋ ਜਾਂਦੀ। ਪਰ ਦੋਵਾਂ ਵਿਚੋਂ ਕੁਝ ਵੀ ਨਹੀਂ ਹੋਇਆ।
ਹੁਣ ਦੇਖਣਾ ਇਹ ਹੋਵੇਗਾ ਇਹ ਇਸ ਉੱਤੇ ਕਿਹੜਾ ਕਿਹੜਾ ਕਾਂਗਰਸੀ ਆਗੂ ਰੌਲਾ ਪਾਉਂਦਾ ਹੈ ਤੇ ਉਸਦਾ ਜਵਾਬ ਅੱਗੋਂ ਕੀ ਆਂਉਂਦਾ ਹੈ। ਕਿਉਂਕਿ ਅੰਦਰਖਾਤੇ ਚੁਗਲੀਆਂ ਤਾਂ ਇਹ ਵੀ ਸ਼ੁਰੂ ਹੋ ਗਈਆਂ ਹਨ ਕਿ ਇਸ ਸਭ ਇਸ ਡਰ ਦੇ ਮਾਰੇ ਕੀਤਾ ਗਿਆ ਹੈ ਕਿ ਕਿਤੇ ਸੋਨੀਆਂ ਗਾਂਧੀ ਪੰਜਾਬ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜਾ ਸਿੱਧੂ ਨੂੰ ਨਾ ਲੈ ਦੇਣ। ਤੇ ਜੇਕਰ ਅਜਿਹਾ ਹੁੰਦਾ ਤਾਂ ਸੂਬੇ ਵਿੱਚ ਕੈਪਟਨ ਧੜ੍ਹੇ ਲਈ ਮੁਸ਼ਕਲਾਂ ਹੋ ਸਕਦੀਆਂ ਸਨ। ਕੁੱਲ ਮਿਲਾ ਕੇ ਭਾਂਵੇ ਇਹ ਚੁਗਲੀਆਂ ਹੀ ਹੋਣ ਆਸ਼ਾ ਕੁਮਾਰੀ ਦੀ ਇਸ ਚਿੱਠੀ ਨੇ ਸੂਬੇ ਦੀ ਸਿਆਸਤ ਨੂੰ ਤਾਂ ਗਰਮਾ ਹੀ ਦਿੱਤਾ ਹੈ। ਹੁਣ ਇਸ ਵਿਸ਼ੇ ਤੇ ਸਭ ਤੋਂ ਪਹਿਲਾਂ ਕੌਣ ਬੋਲਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।