ਬਰਨਾਲਾ: ਬਰਨਾਲਾ ਦੇ ਪਿੰਡ ਕੋਟਦੁਨਾ ‘ਚ 16 ਸਾਲ ਦਾ ਇੱਕ ਬੱਚਾ ਨਾਮਦੇਵ ਜੋ ਕਿ 29 ਜੂਨ ਨੂੰ ਨਹਿਰ ‘ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪ੍ਰਸਾਸ਼ਨ ਤੇ ਪੁਲਿਸ ਨੇ ਪਿੰਡ ਕੋਲੋਂ ਗੁਜਰਦੀ ਨਹਿਰ ‘ਚ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਸੀ। ਐੱਨਡੀਆਰਐੱਫ ਦੀ ਟੀਮ ਵੀ ਲਗਾਤਾਰ ਆਪਣੇ ਗੋਤਾਖੋਰਾਂ ਨੂੰ ਲੈ ਕੇ ਬੱਚੇ ਦੀ ਤਲਾਸ਼ ‘ਚ ਲੱਗੀ ਰਹੀ ਅਤੇ 3 ਦਿਨ ਬਾਅਦ ਗੋਤਾਖੋਰਾਂ ਨੇ ਪਿੰਡ ਪੰਧੇਰ ਕੋਲ ਨਹਿਰ ‘ਚੋਂ ਬੱਚੇ ਦੀ ਲਾਸ਼ ਬਰਾਮਦ ਕਰ ਲਈ।
ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਪਿੰਡ ਵਾਸੀਆਂ ਅਤੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਦੇਖਣ ਤੋਂ ਬਾਅਦ ਬੱਚੇ ਦਾ ਕਤਲ ਕਰਨ ਦਾ ਦੋਸ਼ ਲਗਾਉਂਦੇ ਆਪਣੇ ਪਿੰਡ ਕੋਟਦੁਨਾ ਦੀ ਹੀ ਅਕੈਡਮੀ ਦੇ ਦੋ ਕਰਮਚਾਰੀਆਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਬੱਚੇ ਦੇ ਮਾਮੇ ਨੇ ਦੱਸਿਆ ਕਿ ਪਿੰਡ ‘ਚ ਹੀ ਗੁਰਦੁਆਰਾ ਸਾਹਿਬ ਵੱਲੋਂ ਚਲਾਈ ਜਾ ਰਹੀ ਇੱਕ ਅਕੈਡਮੀ ਦੇ ਮੁੱਖ ਕਰਮਚਾਰੀਆਂ ਨੇ 1 ਸਾਲ ਪਹਿਲਾਂ ਇਸ ਬੱਚੇ ਨਾਲ ਬਦਫ਼ੈਲੀ ਕੀਤੀ ਸੀ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਪਿੰਡ ਦੇ ਸਰਪੰਚ ਨੇ ਇਸ ਘਟਨਾ ‘ਤੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਚਸ਼ਮਦੀਦ ਗਵਾਹਾਂ ਦੀ ਗਵਾਹੀ ਪੁਲਿਸ ਨੇ ਲਈ ਹੈ ਉਹ ਆਪਸ ‘ਚ ਮੇਲ ਨਹੀਂ ਖਾਂਦੀ ਪਰ ਪੁਲਿਸ ਇਸ ਮਾਮਲੇ ‘ਚ ਆਪਣਾ ਬਹੁਤ ਢਿੱਲੀ ਕਾਰਵਾਈ ਵਿਖਾ ਰਹੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਮਦੇਵ ਨਾਮ ਦੇ 16 ਸਾਲਾ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਬੱਚੇ ਦੀ ਮੌਤ ਹਾਦਸਾ ਸੀ ਜਾਂ ਉਸਦਾ ਕਤਲ ਕੀਤਾ ਗਿਆ ਸੀ ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਪਰ ਇੱਥੇ ਵੱਡਾ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਉੱਠਦਾ ਹੈ ਕਿ ਅਪਾਰਧਕ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਨੂੰਨ ਦਾ ਜ਼ਰਾਂ ਵੀ ਖੌਫ ਨਹੀਂ ਹੈ ।