ਗੁਰਦਾਸਪੁਰ: ਬਟਾਲਾ ਦੇ ਕਾਲੇ ਨੰਗਲ ਤੋਂ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਆਪਣੀ ਗੁਆਂਢ ‘ਚਹ ਰਹਿੰਦੀ 7 ਮਹੀਨੇ ਦੀ ਗਰਭਵਤੀ ਦਾ ਪਹਿਲਾਂ ਗਲਾ ਘੁੱਟ ਕੇ ਕਤਲ ਕੀਤਾ ਤੇ ਬਾਅਦ ਵਿੱਚ ਉਸ ਦਾ ਪੇਟ ਚੀਰ ਕੇ ਉਸ ਵਿੱਚ ਪਲ ਰਹੇ 7 ਮਹੀਨੇ ਦੇ ਬੱਚੇ ਨੂੰ ਬਾਹਰ ਕੱਢ ਲਿਆ।
ਜਾਣਕੲਰੀ ਮੁਤਾਬਕ ਘਟਨਾ ਬੀਤੀ 27 ਅਪ੍ਰੈਲ ਦੀ ਹੈ ਪਰ ਇਸ ਦਾ ਖੁਲਾਸਾ 29 ਤਰੀਕ ਦੀ ਦੇਰ ਰਾਤ ਉਸ ਵੇਲੇ ਹੋਇਆ ਜਦੋਂ ਮ੍ਰਿਤਕ ਜਸਬੀਰ ਕੌਰ (30) ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਕਲਾ ਨੰਗਲ, ਬਟਾਲਾ ਦੇ ਪਰਿਵਾਰਕ ਮੈਂਬਰ ਅਤੇ ਪੁਰੀ ਪੰਚਾਇਤ ਉਸ ਨੂੰ ਲੱਭਦਿਆਂ ਦੋਸ਼ੀ ਔਰਤ ਦੇ ਘਰ ਪਹੁੰਚੇ। ਸਾਰੀ ਪੰਚਾਇਤ ਵਲੋਂ ਇਕੱਠੇ ਹੋ ਕੇ ਮੁਲਜ਼ਮ ਔਰਤ ਦੇ ਘਰ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਮ੍ਰਿਤਕ ਨੂੰ ਮੁਲਜ਼ਮ ਔਰਤ ਹੀ ਆਖਰੀ ਵਾਰ ਬੁਲਾ ਕੇ ਲੈ ਗਈ ਸੀ ਪਰ ਬਾਅਦ ਵਿਚ ਉਸ ਦਾ ਕੋਈ ਸੁਰਾਗ ਨਹੀਂ ਲੱਗਾ।
ਡੀ.ਐਸ.ਪੀ ਬਲਬੀਰ ਸਿੰਘ ਅਤੇ ਮ੍ਰਿਤਕ ਦੇ ਪਤੀ ਬਲਵਿੰਦਰ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ਔਰਤ ਵੈਸੇ ਤਾਂ 4 ਬੱਚਿਆਂ ਦੀ ਮਾਂ ਸੀ ਪਰ ਉਸ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਉਸ ਦੇ ਚਾਰੇ ਬੱਚੇ ਕਨੂੰਨੀ ਤੋਰ ਤੇ ਉਸ ਦੇ ਪਹਿਲੇ ਪਤੀ ਦੇ ਕੋਲ ਸਨ। ਹਾਲਾਂਕਿ ਆਪਣੇ ਤਲਾਕ ਤੋਂ ਬਾਅਦ ਮੁਲਜ਼ਮ ਔਰਤ ਨੇ ਬਟਾਲਾ ਦੇ ਪਿੰਡ ਕਾਲੇ ਨੰਗਲ ਵਾਸੀ ਗੁਰਪ੍ਰੀਤ ਸਿੰਘ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਪਰ ਪਹਿਲੇ ਵਿਆਹ ਦੌਰਾਨ ਹੋਏ ਚਾਰ ਬੱਚਿਆਂ ਤੋਂ ਬਾਅਦ ਉਸ ਨੇ ਨਸਬੰਦੀ ਕਰਵਾ ਲਈ ਸੀ ਅਤੇ ਇਸੇ ਕਾਰਨ ਉਹ ਦੁਬਾਰਾ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ।
ਇਸੇ ਦੌਰਾਨ ਹੀ ਉਹ ਦੀਸ਼ੋ ਉਰਫ ਜਸਬੀਰ ਕੌਰ ਨਾਮ ਦੀ ਇੱਕ ਤਾਂਤਰਿਕ ਦੇ ਸੰਪਰਕ ਵਿੱਚ ਆਈ ਅਤੇ ਉਸੇ ਤਾਂਤਰਿਕ ਦੇ ਕਹਿਣ ਤੋਂ ਬਾਅਦ ਉਸ ਨੇ ਕਿਸੇ ਗਰਭਵਤੀ ਔਰਤ ਦਾ ਅਣਜੰਮਿਆਂ ਬੱਚਾ ਚੋਰੀ ਕਰਨ ਦੀ ਯੋਜਨਾ ਬਣਾਈ। ਪੁਲਿਸ ਮੁਤਾਬਿਕ ਮੁਲਜ਼ਮ ਔਰਤ ਨੇਂ ਕਰੀਬ 3 ਮਹੀਨੇ ਤੋਂ ਪੁਰੇ ਪਿੰਡ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਗਰਭਵਤੀ ਹੈ ਅਤੇ ਕੁੱਝ ਹੀ ਸਮੇਂ ਦੌਰਾਨ ਉਹ ਮਾਂ ਬਣ ਜਾਵੇਗੀ। ਜਿਸ ਤੋਂ ਔਰਤ ਵਲੋਂ 27 ਅਪ੍ਰੈਲ ਨੂੰ ਮ੍ਰਿਤਕ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਗਿਆ ਅਤੇ ਬਾਅਦ ਵਿੱਚ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਟ ਉਤਾਰ ਕੇ ਕਿਸੇ ਤੇਜ਼ ਧਾਰ ਹਥਿਆਰ ਨਾਲ ਮ੍ਰਿਤਕ ਦਾ ਪੇਟ ਚੀਰ ਕੇ ਉਸ ਵਿੱਚ ਪਲ ਰਹੇ 7 ਮਹੀਨੇ ਦੇ ਭਰੂਣ ਨੂੰ ਬਾਹਰ ਕੱਢ ਦਿੱਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ ਔਰਤ ਅਜਿਹਾ ਕਰ ਕੇ ਬੱਚਾ ਪ੍ਰਾਪਤ ਕਰਨਾ ਚਹੁੰਦੀ ਸੀ ਪਰ ਅਜਿਹਾ ਨਾ ਹੋ ਸਕਿਆ ਅਤੇ ਇਸ ਦੌਰਾਨ ਜੱਚਾ ਬੱਚਾ ਦੋਹਾਂ ਦੀ ਮੌਤ ਹੋ ਗਈ।
ਫ਼ਿਲਹਾਲ ਡੀ ਐਸ ਪੀ ਫਤਹਿਗੜ੍ਹ ਚੂੜੀਆਂ ਵਲੋਂ ਬੀਤੀ ਦੇਰ ਰਾਤ ਹੀ ਮੁਲਜ਼ਮ ਔਰਤ ਦੇ ਘਰੋਂ ਪੇਟੀ ਵਿੱਚ ਪਈ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਤੇ ਮ੍ਰਿਤਕ ਭਰੂਣ ਨੂੰ ਵੀ ਜ਼ਮੀਨ ਖੋਦ ਕੇ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਵਿੱਚ 7 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਦਿਆਂ ਮੁੱਖ ਮੁਲਜ਼ਮ ਸਮੇਤ ਤਿੰਨ ਚਾਰ ਨੂੰ ਹਿਰਾਸਤ ‘ਚ ਲੈ ਲਿਆ ਹੈ।