ਕਰਜ਼ੇ ਦੇ ਬੋਝ ਹੇਠ ਦੱਬੇ ਕੈਨੇਡੀਅਨ ਪੰਜਾਬੀ

raajan tiwari
5 Min Read

ਨਿਊਜ਼ ਡੈਸਕ: ਕੈਨੇਡਾ ਵਿੱਚ ਘਰ ਖਰੀਦਣਾ ਹੋਵੇ ਜਾਂ ਕਾਰ, ਕਦੇ ਇਹ ਸੁਪਨਾ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਰਸਤਾ ਮੰਨਿਆ ਜਾਂਦਾ ਸੀ। ਪਰ ਹੁਣ ਇਹੀ ਸੁਪਨਾ ਕਈ ਲੋਕਾਂ ਲਈ ਆਰਥਿਕ ਬੋਝ ਬਣਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਲਈ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋ ਰਹੀਆਂ ਹਨ ਅਤੇ ਕਰਜ਼ਾ ਨਾ ਚੁਕਾ ਸਕਣ ਵਾਲਿਆਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਜੀ ਹਾਂ, ਕੈਨੇਡਾ ਦੀ ਕ੍ਰੈਡਿਟ ਰਿਪੋਰਟਿੰਗ ਕੰਪਨੀ ਇਕੁਇਫੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਵਾਲਿਆਂ ਦੇ ਮਾਮਲੇ ਲਗਭਗ 30 ਫ਼ੀਸਦੀ ਵਧੇ ਹਨ। ਖ਼ਾਸ ਤੌਰ ’ਤੇ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਲਾਤ ਜ਼ਿਆਦਾ ਚਿੰਤਾਜਨਕ ਨਜ਼ਰ ਆ ਰਹੇ ਹਨ।

ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਅਪਡੇਟ!

ਰਿਪੋਰਟ ਮੁਤਾਬਕ 2026 ਦੀ ਤੀਜੀ ਤਿਮਾਹੀ ਯਾਨੀ ਜੁਲਾਈ ਤੋਂ ਸਤੰਬਰ ਦਰਮਿਆਨ 36 ਹਜ਼ਾਰ 797 ਕੈਨੇਡੀਅਨਜ਼ ਨੇ ਇਨਸੌਲਵੈਂਸੀ ਲਈ ਅਰਜ਼ੀਆਂ ਦਾਖ਼ਲ ਕੀਤੀਆਂ। ਇਨਸੌਲਵੈਂਸੀ ਦਾ ਮਤਲਬ ਹੈ ਕਿ ਕੋਈ ਵਿਅਕਤੀ ਜਾਂ ਕਾਰੋਬਾਰ ਆਪਣਾ ਕਰਜ਼ਾ ਚੁਕਾਉਣ ਦੀ ਸਮਰੱਥਾ ਗੁਆ ਬੈਠੇ। ਇਸ ਦੌਰਾਨ ਕੈਨੇਡਾ ਵਿੱਚ ਖਪਤਕਾਰ ਕਰਜ਼ੇ ਦੀ ਕੁੱਲ ਰਕਮ ਵਧ ਕੇ 2.74 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 5 ਫ਼ੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ 46 ਤੋਂ 55 ਸਾਲ ਦੀ ਉਮਰ ਵਾਲੇ ਲੋਕਾਂ ਦੇ ਸਿਰ ਮੌਰਗੇਜ ਤੋਂ ਇਲਾਵਾ ਹੋਰ ਕਰਜ਼ੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਨ੍ਹਾਂ ਵਿੱਚ ਕ੍ਰੈਡਿਟ ਕਾਰਡ ਦੇ ਬਕਾਏ ਅਤੇ ਹੋਰ ਨਿੱਜੀ ਕਰਜ਼ੇ ਸ਼ਾਮਲ ਹਨ।

ਭਾਜਪਾ-ਅਕਾਲੀ ਦਲ ਦਾ ਗੱਠਜੋੜ ਪੰਜਾਬ ਦੇ ਭਵਿੱਖ, ਅਮਨ ਅਤੇ ਖ਼ੁਸ਼ਹਾਲੀ ਲਈ ਇਤਿਹਾਸਕ ਕਦਮ: ਕੇਵਲ ਸਿੰਘ ਢਿੱਲੋਂ

ਹੁਣ ਸਭ ਤੋਂ ਵੱਡੀ ਚਿੰਤਾ ਮੌਰਗੇਜ ਅਤੇ ਵਿਆਜ ਦਰਾਂ ਨੂੰ ਲੈ ਕੇ ਹੈ। ਰਿਪੋਰਟ ਅਨੁਸਾਰ ਕੈਨੇਡਾ ਵਿੱਚ ਲਗਭਗ 91 ਲੱਖ ਮੌਰਗੇਜ ਹੋਲਡਰ ਹਨ, ਜਿਨ੍ਹਾਂ ਵਿੱਚੋਂ 14 ਲੱਖ ਦੇ ਕਰੀਬ ਲੋਕਾਂ ਨੇ ਵੈਰੀਏਬਲ ਵਿਆਜ ਦਰਾਂ ’ਤੇ ਕਰਜ਼ਾ ਲਿਆ ਹੋਇਆ ਹੈ, ਜਦਕਿ ਲਗਭਗ 13 ਲੱਖ ਲੋਕ ਹੋਮ ਇਕੁਇਟੀ ਲਾਈਨ ਆਫ਼ ਕ੍ਰੈਡਿਟ ਦੀ ਵਰਤੋਂ ਕਰ ਰਹੇ ਹਨ। ਅੰਦਾਜ਼ਾ ਹੈ ਕਿ ਵਿਆਜ ਦਰਾਂ ਵਿੱਚ ਸਿਰਫ਼ 0.25 ਫ਼ੀਸਦੀ ਵਾਧਾ ਵੀ ਵੈਰੀਏਬਲ ਰੇਟ ਵਾਲੇ ਕਰਜ਼ਾ ਧਾਰਕਾਂ ’ਤੇ ਸਾਲਾਨਾ 86 ਕਰੋੜ ਡਾਲਰ ਦਾ ਵਾਧੂ ਵਿਆਜ ਬੋਝ ਪਾ ਸਕਦਾ ਹੈ। ਉੱਥੇ ਹੀ ਹੋਮ ਇਕੁਇਟੀ ਲਾਈਨ ਆਫ਼ ਕ੍ਰੈਡਿਟ ਵਾਲਿਆਂ ਲਈ ਇਹ ਬੋਝ ਲਗਭਗ 41.9 ਕਰੋੜ ਡਾਲਰ ਹੋ ਸਕਦਾ ਹੈ।

ਮਹਿਲਾਵਾਂ ਦੇ ਖਾਤਿਆਂ ’ਚ ਆਉਣਗੇ 20-20 ਹਜ਼ਾਰ ਰੁਪਏ?

ਸਿਰਫ਼ ਘਰਾਂ ਦੇ ਕਰਜ਼ੇ ਹੀ ਨਹੀਂ, ਕਾਰਾਂ ਦੀਆਂ ਕਿਸ਼ਤਾਂ ਵੀ ਲੋਕਾਂ ਦੀ ਆਰਥਿਕ ਹਾਲਤ ਵਿਗਾੜ ਰਹੀਆਂ ਹਨ। ਰਿਪੋਰਟ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 40 ਫ਼ੀਸਦੀ ਆਟੋ ਲੋਨ ਨੈਗੇਟਿਵ ਇਕੁਇਟੀ ਦੀ ਸਥਿਤੀ ਵਿੱਚ ਪਹੁੰਚ ਗਏ। ਇਸ ਦਾ ਮਤਲਬ ਹੈ ਕਿ ਕਾਰ ’ਤੇ ਬਕਾਇਆ ਕਰਜ਼ਾ ਉਸ ਦੀ ਮੌਜੂਦਾ ਕੀਮਤ ਤੋਂ ਵੱਧ ਹੋ ਗਿਆ ਹੈ। ਇਸ ਤੋਂ ਇਲਾਵਾ 54 ਫ਼ੀਸਦੀ ਕਾਰ ਲੋਨ 84 ਮਹੀਨੇ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਲਏ ਗਏ ਹਨ। ਯਾਨੀ ਲੋਕ ਲੰਮੀਆਂ ਕਿਸ਼ਤਾਂ ਰਾਹੀਂ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਰਾਜਾਂ ਦੇ ਹਿਸਾਬ ਨਾਲ ਦੇਖੀਏ ਤਾਂ ਰਿਪੋਰਟ ਵਿੱਚ ਉਨਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ ਗਿਆ ਹੈ। ਦਾਅਵਾ ਹੈ ਕਿ ਕਰਜ਼ਾ ਨਾ ਮੋੜ ਸਕਣ ਦੇ ਕੁੱਲ ਮਾਮਲਿਆਂ ਵਿੱਚੋਂ ਲਗਭਗ 70 ਫ਼ੀਸਦੀ ਉਨਟਾਰੀਓ ਨਾਲ ਸਬੰਧਤ ਹਨ। ਕੰਡੋ ਖਰੀਦਣ ਵਾਲਿਆਂ ਵਿੱਚ ਕਿਸ਼ਤਾਂ ਦੀ ਅਦਾਇਗੀ ਨਾ ਕਰ ਸਕਣ ਦੀ ਦਰ 7.2 ਫ਼ੀਸਦੀ ਦੱਸੀ ਗਈ ਹੈ, ਜਦਕਿ ਫ੍ਰੀਹੋਲਡ ਘਰਾਂ ਦੇ ਮਾਮਲੇ ਵਿੱਚ ਇਹ ਦਰ 2.7 ਫ਼ੀਸਦੀ ਹੈ।

ਬਿਸਲੇਰੀ ਦੇ ਪਾਣੀ ‘ਤੇ ਉੱਠੇ ਸਵਾਲ! FSSAI ਨੇ ਪਾਣੀ ਦਾ ਸੈਂਪਲ ਦੱਸਿਆ ਅਸੁਰੱਖਿਅਤ!

ਕੈਨੇਡੀਅਨ ਐਸੋਸੀਏਸ਼ਨ ਆਫ਼ ਇਨਸੌਲਵੈਂਸੀ ਐਂਡ ਰੀਸਟਰਕਚਰਿੰਗ ਪ੍ਰੋਫੈਸ਼ਨਲਜ਼ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ 2008 ਦੀ ਆਲਮੀ ਮੰਦੀ ਤੋਂ ਬਾਅਦ ਵਾਲੇ ਦੌਰ ਦੀ ਯਾਦ ਦਿਵਾ ਰਹੇ ਹਨ। ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਮਾਰਚ 2026 ਦਰਮਿਆਨ ਇਨਸੌਲਵੈਂਸੀ ਦੇ ਮਾਮਲਿਆਂ ਵਿੱਚ 4.2 ਫ਼ੀਸਦੀ ਵਾਧਾ ਹੋਇਆ, ਜਦਕਿ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਹ ਵਾਧਾ 17.5 ਫ਼ੀਸਦੀ ਦਰਜ ਕੀਤਾ ਗਿਆ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ 17 ਸਾਲ ਪੁਰਾਣੇ ਅੰਕੜਿਆਂ ਦੀ ਅੱਜ ਦੇ ਅੰਕੜਿਆਂ ਨਾਲ ਸਿੱਧੀ ਤੁਲਨਾ ਕਰਨਾ ਠੀਕ ਨਹੀਂ, ਕਿਉਂਕਿ ਇਸ ਦੌਰਾਨ ਕੈਨੇਡਾ ਦੀ ਆਬਾਦੀ ਵੀ ਕਾਫ਼ੀ ਵਧੀ ਹੈ। ਪਰ ਕਰਜ਼ਾ ਨਾ ਮੋੜ ਸਕਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਬੈਂਕ ਆਫ਼ ਕੈਨੇਡਾ ਦੇ ਅਗਲੇ ਵਿਆਜ ਦਰਾਂ ਸਬੰਧੀ ਫ਼ੈਸਲੇ ’ਤੇ ਹਨ, ਜੋ 9 ਦਸੰਬਰ ਨੂੰ ਆਉਣਾ ਹੈ। ਦੇਖਣਾ ਹੋਵੇਗਾ ਕਿ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਹੁੰਦੀ ਹੈ ਜਾਂ ਨਹੀਂ, ਕਿਉਂਕਿ ਇਸ ਦਾ ਸਿੱਧਾ ਅਸਰ ਲੱਖਾਂ ਮੌਰਗੇਜ ਅਤੇ ਕਰਜ਼ਾ ਧਾਰਕਾਂ ਦੀ ਜੇਬ ’ਤੇ ਪੈ ਸਕਦਾ ਹੈ।

Share This Article
1 Comment