Punjab/Haryana News : ਹਰਿਆਣਾ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਸ ਨਵੀਂ ਟੀਮ ਵਿੱਚ ਕਈ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਪਾਰਟੀ ਵੱਲੋਂ ਸੂਬੇ ਵਿੱਚ ਲੰਬੇ ਸਮੇਂ ਤੋਂ ਜਥੇਬੰਦੀ ਨਾਲ ਜੁੜੇ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੇ ਇੰਚਾਰਜ ਅਤੇ ਪਾਰਟੀ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਅਤੇ ਸੂਬਾ ਪ੍ਰਧਾਨ ਹਰਕੇਸ਼ ਸਿੰਘ ਮੋਹੜੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੌ : ਪੰਜਾਬ ਦੇ ਹਜ਼ਾਰਾਂ ਅਸਲਾ ਲਾਇਸੈਂਸਾਂ ‘ਤੇ ਸਵਾਲ! ਗ੍ਰਹਿ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ!
ਉਨ੍ਹਾਂ ਦੱਸਿਆ ਕਿ ਸਾਬਕਾ SGPC ਮੈਂਬਰ ਅਮਰਜੀਤ ਸਿੰਘ ਮੰਗੀ ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ, ਜਦਕਿ SGPC ਮੈਂਬਰ ਬਲਦੇਵ ਸਿੰਘ ਕੈਂਪਪੁਰ ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਕਮੇਟੀ ਵਿੱਚ ਮਨਜੀਤ ਸਿੰਘ ਬੱਬੂ ਅਤੇ ਤਜਿੰਦਰਪਾਲ ਸਿੰਘ ਢਿੱਲੋਂ ਨੂੰ ਮੈਂਬਰ ਬਣਾਇਆ ਗਿਆ ਹੈ। ਮਨਜੀਤ ਕੌਰ ਯਮੁਨਾਨਗਰ ਅਤੇ ਗੁਰਦੀਪ ਸਿੰਘ ਭਾਨੋਖੇੜੀ ਨੂੰ ਕੋਰ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ। ਉੱਥੇ ਹੀ ਪ੍ਰਿਥੀਪਾਲ ਸਿੰਘ ਝੱਬਰ ਨੂੰ ਜਨਰਲ ਸਕੱਤਰ ਅਤੇ ਹਰਪਾਲ ਸਿੰਘ ਅਹਿਰਵਾਂ ਤੇ ਦਵਿੰਦਰ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਖਦੇਵ ਸਿੰਘ ਅੰਬਾਲਾ ਅਤੇ ਸੁਖਵਿੰਦਰ ਸਿੰਘ ਫਤਿਹਾਬਾਦ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੌ : Canada ‘ਚ ਨੌਕਰੀ ਕਰਨ ਵਾਲਿਆਂ ਲਈ ਵੱਡੀ ਚਿੰਤਾ, ਘੱਟੋ-ਘੱਟ ਤਨਖ਼ਾਹ ਨਾਲ ਨਹੀਂ ਹੋ ਰਿਹਾ ਗੁਜ਼ਾਰਾ
ਅਜੀਤ ਸਿੰਘ ਸੌਂਢਾਂ, ਜਥੇਦਾਰ ਅਮੀਰ ਸਿੰਘ ਕਰਨਾਲ, ਬਲਕਾਰ ਸਿੰਘ ਕਰਨਾਲ, ਜਰਨੈਲ ਸਿੰਘ ਬੋੜੀ ਸਮੇਤ ਕਈ ਆਗੂਆਂ ਨੂੰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਸੁਖਜਿੰਦਰ ਸਿੰਘ ਮਸਾਣਾ ਨੂੰ ਖਜ਼ਾਨਚੀ ਅਤੇ ਜਤਿੰਦਰਪਾਲ ਸਿੰਘ ਲੱਕੀ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਅਮਰਜੀਤ ਸਿੰਘ ਗਧੌਲਾ ਨੂੰ ਲੀਗਲ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਦੀ ਵਰਕਿੰਗ ਕਮੇਟੀ ਵਿੱਚ 28 ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਯਮੁਨਾਨਗਰ, ਫਤਿਹਾਬਾਦ, ਕਰਨਾਲ, ਹਿਸਾਰ, ਰਤੀਆ, ਪੰਚਕੂਲਾ ਅਤੇ ਗੁਰੂਗ੍ਰਾਮ ਸਮੇਤ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਆਗੂ ਸ਼ਾਮਲ ਹਨ। ਕੁੱਲ ਮਿਲਾ ਕੇ ਇਨ੍ਹਾਂ ਨਿਯੁਕਤੀਆਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਨਵੀਂ ਟੀਮ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੀ ਹੈ।

