National News : ਨਾ ਧਮਕੀਆਂ ਦਾ ਡਰ… ਨਾ ਵਿਰੋਧ ਦੀ ਪਰਵਾਹ… ਤੇ ਨਾ ਹੀ ਆਪਣੇ ਫੈਨਜ਼ ਨਾਲ ਕੀਤਾ ਵਾਅਦਾ ਤੋੜਨ ਦਾ ਇਰਾਦਾ! ਜਦੋਂ ਇੰਦੌਰ ‘ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ, ਤਾਂ ਪੰਜਾਬੀ ਗਾਇਕ ਨੇ ਸਟੇਜ ਤੋਂ ਅਜਿਹਾ ਜਵਾਬ ਦਿੱਤਾ ਕਿ ਹਰ ਪਾਸੇ ਉਸ ਦੀ ਚਰਚਾ ਹੋਣ ਲੱਗੀ। ਦਿਲਜੀਤ ਨੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀਆਂ ਸਤਰਾਂ ਪੜ੍ਹਦਿਆਂ ਕਿਹਾ… ‘ਸਭ ਦਾ ਖੂਨ ਹੈ ਸ਼ਾਮਲ ਇੱਥੋਂ ਦੀ ਮਿੱਟੀ ‘ਚ, ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਹੈ!’ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਜੈ ਸ਼੍ਰੀ ਮਹਾਕਾਲ’ ਦੇ ਜੈਕਾਰੇ ਵੀ ਲਗਵਾਏ। ਦਰਅਸਲ, ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ AURA India Tour 2026 ਨੂੰ ਲੈ ਕੇ ਚਰਚਾ ‘ਚ ਹਨ। ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਉਨ੍ਹਾਂ ਦਾ ਲਾਈਵ ਕੰਸਰਟ ਹੋਇਆ, ਪਰ ਇਸ ਸ਼ੋਅ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ। ਕਦੇ ਕੰਸਰਟ ਨੂੰ ਮਿਲਣ ਵਾਲੀ ਇਜਾਜ਼ਤ ‘ਤੇ ਸਵਾਲ ਉੱਠੇ, ਕਦੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਅਤੇ ਕਦੇ ਦਿਲਜੀਤ ਦੇ ਕੁਝ ਗੀਤਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦਿਲਜੀਤ ਨੇ ਆਪਣਾ ਸ਼ੋਅ ਕੀਤਾ।
ਇਹ ਵੀ ਪੜ੍ਹੌ : ਖ਼ਰਾਬ ਬ੍ਰੇਕਾਂ ਨਾਲ ਦੌੜੀ ਵੰਦੇ ਭਾਰਤ! 463 ਕਿਲੋਮੀਟਰ ਤੱਕ ਮੰਡਰਾਉਂਦਾ ਰਿਹਾ ਹਾਦਸੇ ਦਾ ਖ਼ਤਰਾ!
ਸਟੇਜ ‘ਤੇ ਪਹੁੰਚਦਿਆਂ ਹੀ ਦਿਲਜੀਤ ਨੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ‘ਜੈ ਸ਼੍ਰੀ ਮਹਾਕਾਲ’ ਦਾ ਜੈਕਾਰਾ ਲਗਾਉਣ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਮਹਾਕਾਲ ਦੀ ਧਰਤੀ ਹੈ ਅਤੇ ਇੱਥੇ ਆਉਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਨਹੀਂ ਡਰੇ ਸੀ ਅਤੇ ਅੱਜ ਵੀ ਨਹੀਂ ਡਰਦੇ। ਅੱਜ ਇੱਥੇ ਤੁਹਾਡੇ ਪਿਆਰ ਅਤੇ ਤਾਕਤ ਕਰਕੇ ਹੀ ਖੜ੍ਹੇ ਹਾਂ।ਦਿਲਜੀਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇੰਦੌਰ ਆਉਣ ਤੋਂ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਜਦੋਂ ਉਹ ਕਿਸੇ ਨਾਲ ਆਉਣ ਦਾ ਵਾਅਦਾ ਕਰ ਲੈਂਦੇ ਹਨ ਤਾਂ ਪਿੱਛੇ ਨਹੀਂ ਹਟਦੇ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਇਸ ਕੰਸਰਟ ਨੂੰ ਲੈ ਕੇ ਇੰਨਾ ਵਿਵਾਦ ਕਿਉਂ ਹੋਇਆ?
ਦਰਅਸਲ, ਦਿਲਜੀਤ ਦੇ ਸ਼ੋਅ ਤੋਂ ਪਹਿਲਾਂ ਇੰਦੌਰ ਦੇ ਮੇਅਰ ਦਫ਼ਤਰ, ਤਿੰਨ ਬੈਂਕਾਂ ਅਤੇ ਤਿੰਨ ਨਿੱਜੀ ਸਕੂਲਾਂ ਨੂੰ ਬੰਬ ਧਮਾਕੇ ਕਰਨ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਭੇਜੀਆਂ ਗਈਆਂ ਸਨ। ਹਾਲਾਂਕਿ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਇਨ੍ਹਾਂ ਧਮਕੀਆਂ ਨੂੰ ਫਰਜ਼ੀ ਦੱਸਿਆ। ਦੂਜੇ ਪਾਸੇ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਦਿਲਜੀਤ ਦੇ ਚਾਰ ਗੀਤਾਂ ‘ਤੇ ਇਤਰਾਜ਼ ਜਤਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕੰਸਰਟ ਦੌਰਾਨ ‘ਪਟਿਆਲਾ ਪੈੱਗ’, ‘5 ਤਾਰਾ’, ‘ਕੇਸ’ ਅਤੇ ‘ਜੱਟ ਉੱਠੇ ਫਾਇਰ ਕਰਦਾ’ ਗੀਤ ਨਾ ਗਾਉਣ ਦੇ ਨਿਰਦੇਸ਼ ਦਿੱਤੇ। ਸ਼ੋਅ ਦੀ ਇਜਾਜ਼ਤ ਵੀ ਕੰਸਰਟ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਮਿਲੀ। ਸੁਰੱਖਿਆ ਦੇ ਲਿਹਾਜ਼ ਨਾਲ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ। 300 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ 1000 ਤੋਂ ਵੱਧ ਵਲੰਟੀਅਰ ਤਾਇਨਾਤ ਕੀਤੇ ਗਏ। ਇਸ ਤੋਂ ਇਲਾਵਾ ਡਰੋਨ ਰਾਹੀਂ ਨਿਗਰਾਨੀ, ਬੈਗੇਜ ਸਕੈਨਰ, ਵਾਚ ਟਾਵਰ ਅਤੇ ਬੰਬ ਨਿਰੋਧਕ ਦਸਤੇ ਵੀ ਤਾਇਨਾਤ ਕੀਤੇ ਗਏ।
ਇਹ ਵੀ ਪੜ੍ਹੌ : ਬੀਬੀ ਜਗੀਰ ਕੌਰ ਦੀ ਘਰ ਵਾਪਸੀ! ਸੁਖਬੀਰ ਬਾਦਲ ਨੇ ਸੌਂਪੀ ਵੱਡੀ ਜ਼ਿੰਮੇਵਾਰੀ!
ਦੱਸ ਦਈਏ ਕਿ ਇੰਦੌਰ ਤੋਂ ਪਹਿਲਾਂ ਦਿੱਲੀ ‘ਚ ਵੀ ਦਿਲਜੀਤ ਦੇ ਕੰਸਰਟ ਨੂੰ ਲੈ ਕੇ ਇਜਾਜ਼ਤ ਦਾ ਮਾਮਲਾ ਗਰਮਾਇਆ ਸੀ। 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲੇ ਸ਼ੋਅ ਨੂੰ ਸ਼ੁਰੂਆਤ ‘ਚ ਸੁਰੱਖਿਆ ਕਾਰਨਾਂ ਕਰਕੇ ਇਜਾਜ਼ਤ ਨਹੀਂ ਮਿਲੀ ਸੀ। ਹਾਲਾਂਕਿ ਪ੍ਰਬੰਧਕਾਂ ਵੱਲੋਂ ਸੁਰੱਖਿਆ ਅਤੇ ਭੀੜ ਪ੍ਰਬੰਧਨ ਦੀ ਯੋਜਨਾ ਪੇਸ਼ ਕਰਨ ਤੋਂ ਬਾਅਦ ਇਜਾਜ਼ਤ ਮਿਲ ਗਈ। ਇਸ ਦੌਰਾਨ ਦਿਲਜੀਤ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿਵਾਇਆ ਕਿ ਉਹ 20 ਦਸੰਬਰ ਤੱਕ ਭਾਰਤ ‘ਚ ਰਹਿਣਗੇ ਅਤੇ ਆਪਣੇ ਸਾਰੇ ਬਾਕੀ ਕੰਸਰਟ ਪੂਰੇ ਕਰਨਗੇ। ਫਿਲਹਾਲ ਇੰਦੌਰ ਦੇ ਸਟੇਜ ਤੋਂ ਦਿਲਜੀਤ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਬਟੋਰ ਰਿਹਾ ਹੈ। ਕੋਈ ਉਨ੍ਹਾਂ ਦੇ ਹੌਸਲੇ ਦੀ ਤਾਰੀਫ਼ ਕਰ ਰਿਹਾ ਹੈ, ਤਾਂ ਕੋਈ ਰਾਹਤ ਇੰਦੌਰੀ ਦੇ ਸ਼ੇਅਰ ਨੂੰ ਲੈ ਕੇ ਚਰਚਾ ਕਰ ਰਿਹਾ ਹੈ। ਪਰ ਇੱਕ ਗੱਲ ਸਾਫ਼ ਹੈ ਕਿ ਦਿਲਜੀਤ ਨੇ ਆਪਣੇ ਫੈਨਜ਼ ਨਾਲ ਕੀਤਾ ਵਾਅਦਾ ਨਿਭਾਇਆ ਹੈ। ਕੰਸਰਟ ਰੋਕਣ ਦੀਆਂ ਕੋਸ਼ਿਸ਼ਾਂ ਵਿਚਾਲੇ ਦਿਲਜੀਤ ਦਾ ਇਹ ਜਵਾਬ ਤੁਹਾਨੂੰ ਕਿਵੇਂ ਦਾ ਲੱਗਿਆ? ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸਿਓ।

