ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੀ ਮਾਨਸਿਕਤਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਰਾਦਿਆਂ ਨੂੰ ਅਮਰੀਕਾ ਨਾਲੋਂ ਬਿਹਤਰ ਸਮਝਦਾ ਹੈ। ਉਨ੍ਹਾਂ ਦੱਸਿਆ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਦੋਵੇਂ ਹੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਦਾ ਟੀਚਾ ਰੱਖਦੇ ਹਨ, ਹਾਲਾਂਕਿ ਸ਼ਾਂਤੀ ਕਿਵੇਂ ਕਾਇਮ ਕੀਤੀ ਜਾਵੇ, ਇਸ ਬਾਰੇ ਉਨ੍ਹਾਂ ਦੇ ਵਿਚਾਰ ਵੱਖੋ-ਵੱਖਰੇ ਹਨ। ਜ਼ੇਲੇਂਸਕੀ ਨੇ ਇਹ ਟਿੱਪਣੀਆਂ ਬੁੱਧਵਾਰ ਨੂੰ ਬ੍ਰਿਟਿਸ਼ ਅਖਬਾਰ ‘ਦਿ ਸਨ’ (The Sun) ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕੀਤੀਆਂ। ਉਨ੍ਹਾਂ ਅਨੁਸਾਰ, ਰੂਸ ਨਾਲ ਯੂਕਰੇਨ ਦਾ ਲੰਮਾ ਇਤਿਹਾਸਕ ਤਜਰਬਾ ਉਸ ਨੂੰ ਰੂਸੀ ਲੀਡਰਸ਼ਿਪ ਦੀ ਮਾਨਸਿਕਤਾ ਸਮਝਣ ਵਿੱਚ ਮਦਦ ਕਰਦਾ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਜਦੋਂ ਰੂਸ ਦੇ ਯੁੱਧ ਨੂੰ ਖਤਮ ਕਰਨ ਦੀ ਗੱਲ ਆਉਂਦੀ ਹੈ ਤਾਂ ਰਾਸ਼ਟਰਪਤੀ ਟਰੰਪ ਅਤੇ ਉਹ ਇੱਕੋ ਪਾਸੇ ਹਨ ਪਰ ਇਸ ਟੀਚੇ ਨੂੰ ਹਾਸਿਲ ਕਰਨ ਲਈ ਉਨ੍ਹਾਂ ਦੇ ਤਰੀਕੇ ਵੱਖੋ-ਵੱਖਰੇ ਹਨ। ਪੁਤਿਨ ਦੀ ਸੋਚ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੋਵੀਅਤ ਯੁੱਗ ਦਾ ਪੁਤਿਨ ਦੀ ਮਾਨਸਿਕਤਾ ਅਤੇ ਉਸ ਦੀ ਅਸਲੀਅਤ ਦੋਵਾਂ ‘ਤੇ ਡੂੰਘਾ ਅਸਰ ਪਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਦੇ ਤਾਜ਼ਾ ਬਿਆਨਾਂ ਨੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਜ਼ੇਲੇਂਸਕੀ ਨੇ ਆਪਣੇ ਬਿਆਨ ਵਿੱਚ ਕਿਹਾ, ‘ਮੇਰੀ ਪੀੜ੍ਹੀ ਦਾ ਜਨਮ ਸੋਵੀਅਤ ਯੂਨੀਅਨ ਵਿੱਚ ਹੋਇਆ ਸੀ, ਇਸ ਲਈ ਮੈਂ ਸੋਚਣ ਦੇ ਇਸ ਢੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ।
‘ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਪੁਤਿਨ ਝੂਠ ਬੋਲਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੁੰਦਾ ਹੈ। ‘ਅਸੀਂ ਕਈ ਸਾਲਾਂ ਤੋਂ ਰੂਸੀਆਂ ਦੇ ਗੁਆਂਢੀ ਰਹੇ ਹਾਂ। ਇਸੇ ਕਰਕੇ ਮੇਰਾ ਮੰਨਣਾ ਹੈ ਕਿ ਅਸੀਂ ਰੂਸੀਆਂ ਨੂੰ ਅਮਰੀਕੀਆਂ ਦੇ ਮੁਕਾਬਲੇ ਬਿਹਤਰ ਢੰਗ ਨਾਲ ਸਮਝਦੇ ਹਾਂ। ਰੂਸ ਨਾਲ ਯੂਕਰੇਨ ਦਾ ਸਿੱਧਾ ਅਤੇ ਲੰਬੇ ਸਮੇਂ ਦਾ ਤਜਰਬਾ, ਉਸ ਨੂੰ ਰੂਸੀ ਲੀਡਰਸ਼ਿਪ ਦੇ ਵਤੀਰੇ ਨੂੰ ਸਮਝਣ ਵਿੱਚ ਇੱਕ ਲਾਭ ਪ੍ਰਦਾਨ ਕਰਦਾ ਹੈ।’
ਜ਼ੇਲੇਂਸਕੀ ਨੇ ਕਿਹਾ ਕਿ ਅਮਰੀਕਾ ਆਲਮੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਵੱਖ-ਵੱਖ ਮੁੱਦਿਆਂ ‘ਤੇ ਰੂਸ ਨਾਲ ਗੱਲਬਾਤ ਕਰ ਸਕਦਾ ਹੈ ਪਰ ਯੂਕਰੇਨ ਪੁਤਿਨ ਦੇ ਨਾਲ-ਨਾਲ ਰੂਸੀ ਸੈਨਿਕਾਂ ਅਤੇ ਨਾਗਰਿਕਾਂ ਦੀ ਮਾਨਸਿਕਤਾ ਨੂੰ ਵੀ ਸਮਝਦਾ ਹੈ। ਉਨ੍ਹਾਂ ਕਿਹਾ ਕਿ ‘ਸਾਨੂੰ ਪਤਾ ਹੁੰਦਾ ਹੈ ਕਿ ਉਹ ਕਦੋਂ ਕਾਰਵਾਈ ਕਰਨ ਲਈ ਤਿਆਰ ਹੁੰਦੇ ਹਨ, ਅਤੇ ਕਦੋਂ ਉਹ ਪੁਤਿਨ ਦੇ ਡਰ ਕਾਰਨ ਅਜਿਹਾ ਕਰਦੇ ਹਨ। ਉਹ ਜਾਣਦੇ ਹਨ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਜੇਲ੍ਹ ਜਾਣ ਦਾ ਖਤਰਾ ਹੈ। ਜੇ ਉਹ ਯੂਕਰੇਨੀ ਲੋਕਾਂ ਨੂੰ ਮਾਰਨ ਨਹੀਂ ਜਾਂਦੇ, ਤਾਂ ਪੁਤਿਨ ਆਪਣੇ ਤਰੀਕੇ ਨਾਲ ਉਨ੍ਹਾਂ ਵਿਰੁੱਧ ਕਾਰਵਾਈ ਕਰੇਗਾ।’ ਉਨ੍ਹਾਂ ਅਨੁਸਾਰ, ਇਹ ਜੰਗਬੰਦੀ ਨਿਰਧਾਰਤ ਸਮੇਂ ਤੋਂ ਦੋ ਦਿਨ ਪਹਿਲਾਂ ਲਾਗੂ ਕੀਤੀ ਗਈ ਸੀ ਤਾਂ ਜੋ ਜੰਗ-ਪ੍ਰਭਾਵਿਤ ਖੇਤਰ ਵਿੱਚ ਲੋੜਵੰਦਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਈ ਜਾ ਸਕੇ।

