ਖੰਨਾ ‘ਚ ਫ਼ਰਜ਼ੀ IPS ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ

Global Team
2 Min Read

ਖੰਨਾ: ਖੰਨਾ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਕਸਬਾ ਦੋਰਾਹਾ ਵਿੱਚ ਖ਼ੁਦ ਨੂੰ ਪੰਜਾਬ ਪੁਲਿਸ ਦਾ ਸੀਨੀਅਰ ਅਧਿਕਾਰੀ ਦੱਸ ਕੇ ਆਮ ਸ਼ਹਿਰੀਆਂ ਅਤੇ ਕਾਰੋਬਾਰੀਆਂ ‘ਤੇ ਧੌਂਸ ਜਮਾਉਣ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ IPS ਅਫ਼ਸਰ ਦੀ ਵਰਦੀ ਪਾ ਕੇ ਬੁਲੇਟ ਮੋਟਰਸਾਈਕਲ ‘ਤੇ ਢਾਬੇ ਪਹੁੰਚਿਆ ਅਤੇ ਦੇਰ ਰਾਤ ਤੱਕ ਢਾਬਾ ਖੋਲ੍ਹਣ ਨੂੰ ਲੈ ਕੇ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਮੁਲਾਜ਼ਮਾਂ ਨੂੰ ਥੱਪੜ ਮਾਰੇ ਅਤੇ ਗਾਲੀ-ਗਲੋਚ ਵੀ ਕੀਤੀ।

ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਚੋਮੋ ਦਾ ਰਹਿਣ ਵਾਲਾ ਹੈ। ਉਹ ਪੰਜਾਬ ਹੋਮਗਾਰਡ ਵਿੱਚ ਜਵਾਨ ਵਜੋਂ ਤਾਇਨਾਤ ਹੈ। ਪਹਿਲਾਂ ਉਸ ਦੀ ਡਿਊਟੀ ਜੇਲ੍ਹ ਗਾਰਦ ਵਿੱਚ ਸੀ, ਪਰ ਕਰੀਬ 20 ਦਿਨ ਪਹਿਲਾਂ ਉਸ ਦਾ ਤਬਾਦਲਾ ਸਰਕਾਰੀ ਰੇਲਵੇ ਪੁਲਿਸ (GRP) ਵਿੱਚ ਹੋਇਆ ਸੀ। ਇਸ ਵੇਲੇ ਉਹ ਦੋਰਾਹਾ ਰੇਲਵੇ ਪੁਲਿਸ ਚੌਕੀ ਵਿੱਚ ਤਾਇਨਾਤ ਸੀ।

ਮਾਮਲੇ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੁੰਦਿਆਂ ਹੀ ਜ਼ਿਲ੍ਹਾ ਖੰਨਾ ਦੀ ਪੁਲਿਸ ਪ੍ਰਸ਼ਾਸਨਿਕ ਮਸ਼ੀਨਰੀ ਤੁਰੰਤ ਹਰਕਤ ਵਿੱਚ ਆ ਗਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਅਤੇ ਸੀਸੀਟੀਵੀ ਫੁਟੇਜ ਨੂੰ ਬਾਰੀਕੀ ਨਾਲ ਘੋਖਿਆ ਜਾ ਰਿਹਾ ਹੈ ਤਾਂ ਜੋ ਉਕਤ ਸ਼ੱਕੀ ਵਿਅਕਤੀ ਦੀ ਅਸਲ ਪਛਾਣ ਕਰਕੇ ਉਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਰਦੀ ਦੀ ਦੁਰਵਰਤੋਂ ਕਰਕੇ ਖ਼ਾਕੀ ਦੇ ਵੱਕਾਰ ਨੂੰ ਢਾਹ ਲਾਉਣ ਅਤੇ ਆਮ ਨਾਗਰਿਕਾਂ ਨੂੰ ਧਮਕਾਉਣ ਵਾਲੇ ਅਨਸਰਾਂ ਖ਼ਿਲਾਫ਼ ਬਣਦੀਆਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment