ਨਿਊਜ਼ ਡੈਸਕ: ਹਰਿਆਣਾ ਕਾਂਗਰਸ ਵੋਟਾਂ ਦੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਆਪਣੀ ‘ਵੋਟਾਂ ਬਚਾਓ, ਦੇਸ਼ ਬਚਾਓ’ ਮੁਹਿੰਮ ਨੂੰ ਪਿੰਡ ਅਤੇ ਬਲਾਕ ਪੱਧਰ ਤੱਕ ਲੈ ਕੇ ਜਾਵੇਗੀ। 14 ਤੋਂ 24 ਅਕਤੂਬਰ ਤੱਕ ਸੂਬੇ ਦੇ ਸਾਰੇ ਬਲਾਕਾਂ ਵਿੱਚ ਮਾਰਚ ਅਤੇ ਜਨਤਕ ਸੰਪਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਚੰਡੀਗੜ੍ਹ ਸਥਿਤ ਕਾਂਗਰਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਇੰਚਾਰਜ ਸੰਜੇ ਦੱਤ ਅਤੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਇਸ ਮੁਹਿੰਮ ਦੀ ਰੂਪ-ਰੇਖਾ ਪੇਸ਼ ਕੀਤੀ। ਸੰਜੈ ਦੱਤ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕਤੰਤਰ, ਸੰਵਿਧਾਨ ਅਤੇ ਨਾਗਰਿਕਾਂ ਦੇ ਵੋਟ ਦੇ ਅਧਿਕਾਰਾਂ ਦੀ ਰਾਖੀ ਲਈ ਲੜ ਰਹੀ ਹੈ। 12 ਅਕਤੂਬਰ ਨੂੰ ਦਿੱਲੀ ਵਿੱਚ ਕੱਢੇ ਗਏ ਰੋਸ ਮਾਰਚ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ।ਕਾਂਗਰਸ ਮੰਗ ਕਰ ਰਹੀ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਜਵਾਬਦੇਹ ਠਹਿਰਾਇਆ ਜਾਵੇ ਅਤੇ ਲੋਕਤੰਤਰੀ ਸੰਸਥਾਵਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਲਈ ਅਗਲੇ ਦੋ ਮਹੀਨਿਆਂ ਵਾਸਤੇ ਇੱਕ ਕਾਰਜ-ਯੋਜਨਾ ਤਿਆਰ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ, ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਅਤੇ ਸੰਬੰਧਿਤ ਸੰਵਿਧਾਨਕ ਉਪਬੰਧਾਂ ਬਾਰੇ ਜਾਗਰੂਕ ਕਰਨ ਲਈ ਰਾਜ ਦੇ ਸਾਰੇ ਬਲਾਕਾਂ ਵਿੱਚ ਜਨਤਕ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਕਿਹਾ ਕਿ ਬਲਾਕ ਕਾਂਗਰਸ ਕਮੇਟੀਆਂ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਜਾਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਤੋਂ ਸ਼ੁਰੂ ਕਰਕੇ ਪੈਦਲ ਯਾਤਰਾਵਾਂ ਜਾਂ ਸਾਈਕਲ/ਬਾਈਕ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਯਾਤਰਾਵਾਂ ਸਬੰਧਤ ਐਸ.ਡੀ.ਐਮ. (SDM) ਦਫ਼ਤਰਾਂ ਜਾਂ ਸਥਾਨਕ ਪ੍ਰਸ਼ਾਸਨਿਕ ਮੁੱਖ ਦਫ਼ਤਰਾਂ ‘ਤੇ ਸਮਾਪਤ ਹੋਣਗੀਆਂ। ਸਮਾਗਮ ਦੇ ਅੰਤ ਵਿੱਚ, ਕਾਂਗਰਸੀ ਆਗੂ ਅਤੇ ਵਰਕਰ ਸਮੂਹਿਕ ਤੌਰ ‘ਤੇ ਸੰਵਿਧਾਨ ਦੀ ਧਾਰਾ 326 — ਜੋ ਬਾਲਗ ਮਤਾਧਿਕਾਰ ਨਾਲ ਸਬੰਧਤ ਹੈ — ਦਾ ਪਾਠ ਕਰਨਗੇ ਅਤੇ ਰਾਸ਼ਟਰੀ ਗੀਤ ਗਾਉਣਗੇ। ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜ ਕੇ ਵੀ ਰੋਸ ਪ੍ਰਗਟਾਇਆ ਜਾਵੇਗਾ।
ਰਾਓ ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਕਾਂਗਰਸ ਪ੍ਰਧਾਨਾਂ ਨੂੰ ਸਥਾਨਕ ਪੱਧਰ ‘ਤੇ ਪ੍ਰੋਗਰਾਮਾਂ ਦੀ ਤਿਆਰੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਚੁਣੇ ਹੋਏ ਨੁਮਾਇੰਦਿਆਂ, ਪਿਛਲੀਆਂ ਚੋਣਾਂ ਦੇ ਉਮੀਦਵਾਰਾਂ, ਸੀਨੀਅਰ ਆਗੂਆਂ ਅਤੇ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਦੋਵਾਂ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਇਸ ਮੁਹਿੰਮ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੱਕ ਲੈ ਕੇ ਜਾਣ ਦਾ ਸੱਦਾ ਦਿੱਤਾ।

