ਪੰਜਾਬ ਪਹੁੰਚੇ ਨਵੇਂ ਕਾਂਗਰਸ ਪ੍ਰਧਾਨ, ਸਚਿਨ ਪਾਇਲਟ ਨੇ ਖੁਦ ਚਲਾਈ ਪਰਗਟ ਸਿੰਘ ਦੀ ਕਾਰ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Global Team
3 Min Read

ਅੰਮ੍ਰਿਤਸਰ: ਪੰਜਾਬ ਕਾਂਗਰਸ ਦੀ ਕਮਾਨ ਮਿਲਣ ਤੋਂ ਬਾਅਦ ਪਰਗਟ ਸਿੰਘ ਪਹਿਲੀ ਵਾਰ ਪੰਜਾਬ ਪਹੁੰਚੇ ਤਾਂ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ। 3 ਅਕਤੂਬਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਪੰਜਾਬ ਦੌਰਾ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਕਾਂਗਰਸੀ ਵਰਕਰਾਂ ਨੇ ਢੋਲ-ਢਮੱਕਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਸਚਿਨ ਪਾਇਲਟ ਨਾਲ ਅੰਮ੍ਰਿਤਸਰ ਪਹੁੰਚੇ ਪਰਗਟ ਸਿੰਘ

ਪਰਗਟ ਸਿੰਘ ਵੀਰਵਾਰ ਸਵੇਰੇ ਕਰੀਬ 9 ਵਜੇ ਸਚਿਨ ਪਾਇਲਟ ਨਾਲ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਏਅਰਪੋਰਟ ’ਤੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ। ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਤੋਂ ਬਾਅਦ ਪਰਗਟ ਸਿੰਘ ਸਿੱਧੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਇੱਕ ਦਿਲਚਸਪ ਤਸਵੀਰ ਵੀ ਸਾਹਮਣੇ ਆਈ, ਜਦੋਂ ਸਚਿਨ ਪਾਇਲਟ ਖੁਦ ਪਰਗਟ ਸਿੰਘ ਦੀ ਕਾਰ ਚਲਾਉਂਦੇ ਨਜ਼ਰ ਆਏ।

ਸ੍ਰੀ ਦਰਬਾਰ ਸਾਹਿਬ ਪਹੁੰਚਣ ’ਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਅੱਜ ਇੱਥੇ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਿਆਸਤ ਕਰਨ ਦਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਜ਼ਰੂਰ ਕਰਨਗੇ, ਪਰ ਇੱਕ-ਦੋ ਦਿਨ ਬਾਅਦ।

ਅੰਮ੍ਰਿਤਸਰ ਤੋਂ ਬਾਅਦ ਮੋਹਾਲੀ ’ਚ ਮੀਟਿੰਗ ਦੀ ਤਿਆਰੀ

ਪਰਗਟ ਸਿੰਘ ਦਾ ਅੰਮ੍ਰਿਤਸਰ ਵਿੱਚ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਦਾ ਵੀ ਪ੍ਰੋਗਰਾਮ ਹੈ। ਇਸ ਤੋਂ ਬਾਅਦ ਉਹ ਮੋਹਾਲੀ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗ ਕਰ ਸਕਦੇ ਹਨ। ਅਗਲੇ ਦਿਨ ਉਨ੍ਹਾਂ ਦੇ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੂਰਨੀ ਦਰਬਾਰ ਵਿਖੇ ਮੱਥਾ ਟੇਕਣ ਦਾ ਪ੍ਰੋਗਰਾਮ ਵੀ ਹੈ।

ਪੰਜਾਬ ਕਾਂਗਰਸ ਵੱਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਕ ਸਚਿਨ ਪਾਇਲਟ ਦੇ ਅਗਲੇ ਦੌਰੇ ਨਾਲ ਸਬੰਧਤ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

ਪੰਜਾਬ ਆਉਣ ਤੋਂ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਵਿੱਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਵੀ ਕੀਤੀ। ਇਸ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ।

ਉਨ੍ਹਾਂ ਕਿਹਾ ਕਿ ਹਰ ਆਗੂ ਦੀ ਆਪਣੀ ਰਾਏ ਹੋ ਸਕਦੀ ਹੈ ਅਤੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਇਕੱਠੇ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ।

Share This Article
Leave a Comment